ਦਸ਼ਮੇਸ਼ ਭੋਗਪੁਰ ਵਾਲਿਆਂ ਦੇ ਪਿਤਾ ਮਾਸਟਰ ਸੰਤੋਖ ਸਿੰਘ ਹੋਏ ਸਵਰਗਵਾਸ
ਅੰਤਿਮ ਸੰਸਾਕਰ ਮੌਕੇ ਹਜਾਰਾਂ ਅੱਖਾਂ ਨੇ ਦਿੱਤੀ ਆਖਰੀ ਵਿਦਾਈ
ਅੰਤਿਮ ਸੰਸਕਾਰ ਮੌਕੇ ਅਰਦਾਸ ਵਿਚ ਸ਼ਾਮਲ ਦੁਖੀ ਹਿਰਦੇ
ਪਿਤਾ ਦੀ ਮਿ੍ਰਤਕ ਦੇਹ ਦਾ ਸੰਸਕਾਰ ਕਰਦੇ ਹੋਏ ਤਿੰਨੋਂ ਪੁੱਤਰ
ਭੋਗਪੁਰ, 28-7-2021 (ਗੁਰਿੰਦਰ ਕਸ਼ਯਪ) – ਭੋਗਪੁਰ ਦੇ ਮਸ਼ਹੂਰ ਦਸ਼ਮੇਸ਼ ਹਸਪਤਾਲ ਅਤੇ ਦਸ਼ਮੇਸ਼ ਪੇਂਟ ਐਂਡ ਆਇਰਨ ਸਟੋਰ ਵਾਲਿਆਂ ਦੇ ਪਿਤਾ ਮਾਸਟਰ ਸੰਤੋਖ ਸਿੰਘ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਮਿਤੀ 27 ਜੁਲਾਈ ਨੂੰ ਦੁਪਹਿਰ 1.30 ਵਜੇ ਅਕਾਲ ਪੁਰਖਾਂ ਦੇ ਚਰਣਾਂ ਵਿਚ ਲੀਨ ਹੋ ਗਏ। ਸ. ਸੰਤੋਖ ਸਿੰਘ ਦੀ ਸਿਹਤ ਪਿਛਲੇ ਥੋੜੇ ਸਮੇਂ ਤੋਂ ਠੀਕ ਨਹੀਂ ਸੀ ਅਤੇ ਲੁਧਿਆਣਾ ਦੇ ਹਸਪਤਾਲ ਵਿਖੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਜਿੱਥੇ ਉਹਨਾਂ ਆਪਣੀ ਜਿੰਦਗੀ ਦੇ ਆਖਰੀ ਸਾਹ ਪੂਰੇ ਕੀਤੇ। ਜਿਵੇਂ ਹੀ ਰਿਸ਼ਤੇਦਾਰਾਂ ਅਤੇ ਇਲਾਕੇ ਨੂੰ ਇਸ ਦੁੱਖ ਭਰੀ ਖਬਰ ਦਾ ਪਤਾ ਲੱਗਾ ਸਾਰੇ ਹੀ ਦਸ਼ਮੇਸ਼ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਇਹਨਾਂ ਨੇ ਨਿਵਾਸ ਅਸਥਾਨ ਤੇ ਪੁੱਜ ਗਏ।
ਸ. ਸੰਤੋਖ ਸਿੰਘ ਦਾ ਅੰਤਿਮ ਸੰਸਕਾਰ ਭੋਗਪੁਰ ਦੇ ਸ਼ਮਸ਼ਾਨ ਘਾਟ ਵਿਖੇ 28 ਜੁਲਾਈ ਨੂੰ ਦੁਪਹਿਰ 1 ਵਜੇ ਤਿੰਨਾਂ ਬੇਟਿਆ ਵੱਲੋਂ ਕੀਤਾ ਗਿਆ, ਜਿੱਥੇ ਹਜਾਰਾਂ ਰੋਂਦੀਆਂ ਅੱਖਾਂ ਨੇ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ। ਦੁੱਖ ਦੀ ਇਸ ਘੜੀ ਵਿਚ ਰਿਸ਼ਤੇਦਾਰ, ਸੱਜਣ-ਮਿੱਤਰ, ਇਲਾਕੇ ਦੇ ਪਤਵੰਤੇ ਸੱਜਣ ਅਤੇ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਦੇ ਫਾਉਂਡਰ ਮੈਂਬਰ ਸ਼੍ਰੀ ਨਰਿੰਦਰ ਕਸ਼ਯਪ, ਜਗਦੀਸ਼ ਸਿੰਘ ਲਾਟੀ, ਵਿਜੇ ਕੁਮਾਰ, ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੇ ਮੁੱਖ ਸੰਪਾਦਕ ਸ਼੍ਰੀਮਤੀ ਮੀਨਾਕਸ਼ੀ ਕਸ਼ਯਪ ਵੀ ਪਰਿਵਾਰ ਦੇ ਦੁੱਖ ਵਿੱਚ ਸ਼ਾਮਲ ਹੋਏ।
ਸ. ਸੰਤੋਖ ਸਿੰਘ ਜੀ ਮੁੱਖ ਅਧਿਆਪਕ ਦੇ ਤੌਰ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਰਿਟਾਇਰ ਹੋਏ ਸੀ। ਇਹਨਾਂ ਦੀ ਧਰਮਪਤਨੀ ਸਰਦਾਰਨੀ ਹਰਭਜਨ ਕੌਰ ਜੀ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮੁੱਖ ਅਧਿਆਪਕ ਵਜੋਂ ਰਿਟਾਇਰ ਹੋਏ ਹਨ। ਇਹਨਾਂ ਦੇ ਪਰਿਵਾਰ ਵਿਚ ਤਿੰਨ ਬੇਟੇ ਡਾ. ਉਂਕਾਰ ਸਿੰਘ, ਗੁਰ ਆਗਿਆਪਾਲ ਸਿੰਘ ਅਤੇ ਕਮਲਜੀਤ ਸਿੰਘ ਅਤੇ ਇਕ ਬੇਟੀ ਸਤਿੰਦਰ ਕੌਰ ਹੈ। ਇਹਨਾਂ ਦਾ ਪਰਿਵਾਰ ਭੋਗਪੁਰ ਦੇ ਇਲਾਕੇ ਵਿਚ ਇਕ ਮਸ਼ਹੂਰ ਅਤੇ ਸੇਵਾ ਭਾਵਨਾ ਵਾਲਾ ਪਰਿਵਾਰ ਹੈ। ਇਹਨਾਂ ਦੇ ਬੱਚਿਆਂ ਨੇ ਆਪਣੇ ਖੇਤਰ ਵਿਚ ਆਪਣਾ ਨਾਮ ਬਣਾਇਆ ਹੈ ਅਤੇ ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕੀਤਾ ਹੈ। ਸ. ਸੰਤੋਖ ਸਿੰਘ ਜੀ ਗੁਰਮੁਖ ਵਿਚਾਰਾਂ ਵਾਲੇ ਇਕ ਬਹੁਤ ਹੀ ਸੂਝਵਾਨ ਅਤੇ ਮਿਲਣਸਾਰ ਇਨਸਾਨ ਸਨ। ਸ. ਸੰਤੋਖ ਸਿੰਘ ਜੀ ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੇ ਬਹੁਤ ਹੀ ਵਧੀਆ ਮੈਂਬਰ ਸੀ ਜਿਹੜੇ ਪੂਰੀ ਪੱਤ੍ਰਿਕਾ ਨੂੰ ਬਹੁਤ ਹੀ ਧਿਆਨ ਨਾਲ ਪੜ੍ਹਦੇ ਸੀ। ਉਹ ਹਮੇਸ਼ਾ ਹੀ ਆਪ ਬੁਲਾ ਕੇ ਪੱਤ੍ਰਿਕਾ ਦੀ ਸਲਾਨਾ ਮੈਂਬਰਸ਼ਿਪ ਦਿੰਦੇ ਸੀ।
ਇਹਨਾਂ ਦੀ ਮੌਤ ਨਾਲ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਹੋਇਆ ਹੈ ਉਥੇ ਕਸ਼ਯਪ ਸਮਾਜ ਨੂੰ ਵੀ ਬਹੁਤ ਵੱਡਾ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ। ਅਸੀਂ ਕਸ਼ਯਪ ਕ੍ਰਾਂਤੀ ਪੱਤ੍ਰਿਕਾ ਅਤੇ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਵੱਲੋਂ ਸ. ਸੰਤੋਖ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਣਾਂ ਵਿਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਇਹ ਦੁੱਖ ਸਹਿਣ ਦਾ ਹੌਸਲਾ ਦੇਣ।