ਛਾਬੜਾ ਕੰਪਿਊਟਰ ਐਂਡ ਪਿ੍ਰੰਟਰਜ਼ ਵਾਲੇ ਸੋਨੂੰ ਅਤੇ ਮੋਨੂੰ ਦੇ ਮਾਤਾ ਹਰਜਿੰਦਰ ਕੌਰ ਛਾਬੜਾ ਜੀ ਨੂੰ ਦਿੱਤੀ ਅੰਤਿਮ ਸ਼ਰਧਾਂਜਲੀ
ਅੰਤਿਮ ਅਰਦਾਸ ਵਿਚ ਸ਼ਾਮਲ ਰਿਸ਼ਤੇਦਾਰ ਅਤੇ ਸੱਜਣ ਮਿੱਤਰ
ਜਲੰਧਰ, 28-6-2024 (ਨਰਿੰਦਰ ਕਸ਼ਯਪ) – ਪਿ੍ਰੰਟਿੰਗ ਦੀ ਦੁਨੀਆ ਵਿਚ ਆਪਣੀ ਇਕ ਖਾਸ ਪਹਿਚਾਣ ਬਨਾਉਣ ਵਾਲੇ ਛਾਬੜਾ ਕੰਪਿਊਟਰਜ਼ ਐਂਡ ਪਿ੍ਰੰਟਰਜ਼ ਦੇ ਮਾਲਕ ਸਵਰਗਵਾਸੀ ਸ. ਭੁਪਿੰਦਰ ਸਿੰਘ ਛਾਬੜਾ ਜੀ ਦੀ ਧਰਮ ਪਤਨੀ ਸ਼੍ਰੀਮਤੀ ਹਰਜਿੰਦਰ ਕੌਰ ਛਾਬੜਾ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਵਿਚ ਵੱਡੀ ਗਿਣਤੀ ਵਿਚ ਰਿਸ਼ਤੇਦਾਰ, ਸੱਜਣ, ਦੋਸਤ, ਪਿ੍ਰੰਟਿੰਗ ਲਾਈਨ ਦੇ ਵੱਖ ਵੱਖ ਨੁਮਾਇੰਦੇ, ਪਿ੍ਰੰਟਰਜ਼ ਐਸੋਸੀਏਸ਼ਨ ਦੇ ਮੈਂਬਰਾਂ ਨੇ ਸ਼ਾਮਲ ਹੋ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਗੁਰੂ ਗੋਬਿੰਦ ਸਿੰਘ ਐਵੀਨਿਊ ਵਿਖੇ ਹੋਈ ਜਿੱਥੇ ਭਾਈ ਬ੍ਰਹਮਜੋਤ ਸਿੰਘ ਦੇ ਕੀਰਤਨੀ ਜੱਥੇ ਨੇ ਵੈਰਾਗਮਈ ਕੀਰਤਨ ਕੀਤਾ। ਉਹਨਾਂ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਕਰੀਬ ਚਾਰ ਮਹੀਨੇ ਪਹਿਲਾਂ ਹੀ ਇਹਨਾਂ ਦੇ ਪਤੀ ਭੁਪਿੰਦਰ ਸਿੰਘ ਛਾਬੜਾ ਜੀ ਦੀ ਅੰਤਿਮ ਅਰਦਾਸ ਵੀ ਇੱਥੇ ਉਹਨਾਂ ਵੱਲੋਂ ਹੀ ਕੀਤੀ ਗਈ ਸੀ। ਸਿਰਫ ਚਾਰ ਮਹੀਨਿਆਂ ਵਿਚ ਹੀ ਦੋਵੇਂ ਪਤੀ-ਪਤਨੀ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਹਨ।
ਇਸ ਤੋਂ ਪਹਿਲਾਂ ਇਹਨਾਂ ਦੇ ਨਿਵਾਸ ਅਸਥਾਨ ਉਤੇ ਪਰਿਵਾਰ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ 26 ਜੂਨ 2024 ਨੂੰ ਆਰੰਭ ਕਰਵਾਇਆ ਗਿਆ ਜਿਸ ਦੇ ਭੋਗ 28 ਜੂਨ ਨੂੰ ਪਾਏ ਗਏ। ਇਸ ਤੋਂ ਉਪਰੰਤ ਅੰਤਿਮ ਅਰਦਾਸ ਗੁਰੂ ਗੋਬਿੰਦ ਸਿੰਘ ਐਵੀਨਿਊ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਸ਼ਰਧਾਂਜਲੀ ਸਮਾਰੋਹ ਆਏ ਹੋਏ ਸੱਜਣਾਂ ਨੇ ਸਵਰਗਵਾਸੀ ਸ. ਭੁਪਿੰਦਰ ਸਿੰਘ ਦੇ ਸਪੁੱਤਰਾਂ ਗੁਰਵਿੰਦਰਜੀਤ ਸਿੰਘ (ਸੋਨੂੰ) ਅਤੇ ਪਰਮਜੀਤ ਸਿੰਘ (ਮੋਨੂੰ) ਦੇ ਨਾਲ ਦੁੱਖ ਸਾਂਝਾ ਕੀਤਾ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਭਾਈ ਬਲਵਿੰਦਰ ਸਿੰਘ ਅਮਰੀਕਾ ਵਾਲਿਆਂ ਨੇ ਸੋਨੂੰ ਅਤੇ ਮੋਨੂੰ ਨੂੰ ਸਿਰੋਪਾਓ ਭੇਂਟ ਕੀਤਾ। ਪਰਿਵਾਰ ਵੱਲੋਂ ਆਈ ਹੋਈ ਸੰਗਤ ਵਾਸਤੇ ਗੁਰੂ ਦੇ ਲੰਗਰ ਦਾ ਬਹੁਤ ਵੀ ਵਧੀਆ ਪ੍ਰਬੰਧ ਕੀਤਾ ਗਿਆ ਸੀ।
ਸ਼੍ਰੀਮਤੀ ਹਰਜਿੰਦਰ ਕੌਰ ਛਾਬੜਾ ਜੀ ਇਕ ਬਹੁਤ ਹੀ ਮਿਲਣਸਾਰ, ਠੰਡੇ ਸੁਭਾਅ ਦੇ ਮਾਲਕ ਅਤੇ ਗੁਰੂ ਘਰ ਨਾਲ ਜੁੜੇ ਹੋਏ ਸਨ। ਇਹਨਾਂ ਦੇ ਪੁੱਤਰ ਗੁਰਵਿੰਦਰਜੀਤ ਸਿੰਘ ਸੋਨੂੰ ਅਤੇ ਪਰਮਜੀਤ ਸਿੰਘ ਮੋਨੂੰ ਜਲੰਧਰ ਸ਼ਹਿਰ ਦੇ ਢੰਨ ਮੁਹੱਲੇ ਵਿਚ ਛਾਬੜਾ ਪਿ੍ਰੰਟਰਜ਼ ਦੇ ਨਾਮ ਨਾਲ ਬਹੁਤ ਹੀ ਮਸ਼ਹੂਰ ਸਨ। ਇਹਨਾਂ ਦੇ ਕੋਲ ਪੰਜਾਬ, ਹਿਮਾਚਲ ਅਤੇ ਜੰਮੂ-ਕਸ਼ਮੀਰ ਤੋਂ ਵੀ ਵਪਾਰੀ ਪਿ੍ਰੰਟਿੰਗ ਦਾ ਕੰਮ ਕਰਵਾਉਣ ਲਈ ਆਉਂਦੇ ਹਨ। ਇਹਨਾਂ ਦੇ ਬੇਟੇ ਸੋਨੂੰ ਅਤੇ ਮੋਨੂੰ ਨੇ ਆਪਣੇ ਪਿਤਾ ਸਵਰਗਵਾਸੀ ਸ. ਭੁਪਿੰਦਰ ਸਿੰਘ ਦੇ ਨਾਮ ਨੂੰ ਅੱਗੇ ਵਧਾਇਆ ਹੈ ਅਤੇ ਆਪਣੇ ਕੰਮ ਨੂੰ ਹੋਰ ਵੀ ਵਧੀਆ ਕਵਾਲਟੀ ਦਿੱਤੀ ਹੈ।
ਸ਼ਰਧਾਂਜਲੀ ਸਮਾਰੋਹ ਵਿਚ ਰਿਸ਼ਤੇਦਾਰ, ਪਰਿਵਾਰਕ ਮੈਂਬਰ, ਅੱਡਾ ਹੁਸ਼ਿਆਰਪੁਰ ਮਾਰਕੀਟ ਤੋਂ ਪੇਪਰ ਡੀਲਰ, ਪਿ੍ਰੰਟਿੰਗ ਪੈ੍ਰਸਾਂ ਦੇ ਮਾਲਕ, ਪਿ੍ਰੰਟਰਜ਼ ਐਸੋਸੀਏਸ਼ਨ ਦੇ ਮੈਂਬਰ, ਵੱਖ ਵੱਖ ਅਖਬਾਰਾਂ ਅਤੇ ਮੈਗਜ਼ੀਨ ਦੇ ਮਾਲਕ ਸ਼ਾਮਲ ਹੋਏ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
22 ਜੂਨ 2024 ਨੂੰ ਕਰ ਗਏ ਅਕਾਲ ਚਲਾਣਾ
ਇਸ ਤੋਂ ਪਹਿਲਾਂ ਸ਼੍ਰੀਮਤੀ ਹਰਜਿੰਦਰ ਕੌਰ ਛਾਬੜਾ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ 22 ਜੂਨ 2024 ਨੂੰ ਅਕਾਲ ਚਲਾਣਾ ਕਰ ਗਏ ਸੀ। ਉਹ ਪਿਛਲੇ ਥੋੜੇ ਦਿਨਾਂ ਤੋਂ ਬਿਮਾਰ ਸੀ ਅਤੇ ਪਰਿਵਾਰ ਵੱਲੋਂ ਉਹਨਾਂ ਦੀ ਪੂਰੀ ਦੇਖਭਾਲ ਅਤੇ ਵਧੀਆ ਇਲਾਜ ਕਰਵਾਇਆ ਗਿਆ। ਪਰ ਅਕਾਲ ਪੁਰਖ ਦੀ ਬਖਸ਼ੀ ਹੋਈ ਸੁਆਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਹਰਜਿੰਦਰ ਕੌਰ ਜੀ 22-6-204 ਨੂੰ ਅਕਾਲ ਚਲਾਣਾ ਕਰ ਗਏ। ਇਹਨਾਂ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਵਿਚ ਰਿਸ਼ਤੇਦਾਰ ਅਤੇ ਦੋਸਤ ਸ਼ਾਮਲ ਹੋਏ।