ਵੱਖ ਵੱਖ ਸੰਸਥਾਵਾਂ ਅਤੇ ਸ਼ਖਸ਼ੀਅਤਾਂ ਦੇ ਮੇਜਰ ਜਗਜੀਤ ਸਿੰਘ ਰਿਸ਼ੀ ਨੂੰ ਦਿੱਤੀ ਅੰਤਿਮ ਨਿੱਘੀ ਸ਼ਰਧਾਂਜਲੀ
ਮੇਜਰ ਜਗਜੀਤ ਸਿੰਘ ਰਿਸ਼ੀ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਵੱਡਾ ਇਕੱਠਾ
ਜਲੰਧਰ, 26-6-2024 (ਨਰਿੰਦਰ ਕਸ਼ਯਪ) – ਜਲੰਧਰ ਸ਼ਹਿਰ ਦੀ ਇਕ ਖਾਸ ਸ਼ਖਸ਼ੀਅਤ, ਵੱਖ-ਵੱਖ ਸੰਸਥਾਵਾਂ ਨਾਲ ਜੁੜੇ ਹੋਏ, ਸਮਾਲ ਨਿਊਜ਼ ਪੇਪਰ ਕੋਂਸਲ ਦੇ ਜਨਰਲ ਸਕੱਤਰ, ਨਾਮਦੇਵ ਫੈਡਰੇਸ਼ਨ ਦੇ ਸਰਗਰਮ ਅਹੁਦੇਦਾਰ, ਖੁਸ਼ਖਬਰੀ ਅਖਬਾਰ ਦੇ ਸੰਪਾਦਕ ਮੇਜਰ ਜਗਜੀਤ ਸਿੰਘ ਰਿਸ਼ੀ ਨੂੰ ਅੰਤਿਮ ਸ਼ਰਧਾਂਜਲੀ ਦੇਣ ਵਾਸਤੇ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਮੈਂਬਰ, ਰਿਸ਼ਤੇਦਾਰ, ਦੋਸਤ, ਆਰਮੀ ਦੇ ਪੁਰਾਣੇ ਸਾਥੀ ਅਤੇ ਅਫਸਰ ਸ਼ਾਮਲ ਹੋਏ। ਮੇਜਰ ਜਗਜੀਤ ਸਿੰਘ ਰਿਸ਼ੀ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਮਾਡਲ ਟਾਉਨ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਹਜੂਰੀ ਰਾਗੀ ਭਾਈ ਗੁਰਦੇਵ ਸਿੰਘ ਪ੍ਰੀਤ ਕਪੂਰਥਲਾ ਵਾਲਿਆਂ ਦੇ ਰਾਗੀ ਜੱਥੇ ਨੇ ਵੈਰਾਗਮਈ ਕੀਰਤਨ ਨਾਲ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਅਰਦਾਸ ਉਪਰੰਤ ਸ਼ਰਧਾਂਜਲੀ ਭੇਂਟ ਕੀਤੀ ਗਈ। ਨਾਮਦੇਵ ਫੈਡਰੇਸ਼ਨ ਦੇ ਕੁਲਦੀਪ ਸਿੰਘ ਬੇਦੀ ਨੇ ਸਟੇਜ ਸਕੱਤਰ ਦੀ ਜਿੰਮੇਵਾਰੀ ਨਿਭਾਉਂਦੇ ਹੋਏ ਮੇਜਰ ਜਗਜੀਤ ਸਿੰਘ ਰਿਸ਼ੀ ਵੱਲੋਂ ਸਮਾਜ ਸੇਵਾ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਅਤੇ ਉਹਨਾਂ ਦੇ ਜੀਵਨ ਬਾਰੇ ਚਾਨਣ ਪਾਇਆ। ਟਾਂਕ ਕਸ਼ਤਰੀਆ ਸਭਾ ਵੱਲੋਂ ਆਰ.ਕੇ. ਗਾਂਧੀ ਨੇ ਮੇਜਰ ਜਗਜੀਤ ਸਿੰਘ ਰਿਸ਼ੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਹਨਾਂ ਤੋਂ ਅਲਾਵਾ ਅਸਾਮ ਰੈਜੀਮੈਂਟ ਤੋਂ ਰਿਟਾਇਰ ਜਨਰਲ ਢਿਲੋਂ, ਮਨਮੋਹਨ ਸਿੰਘ, ਇਕਬਾਲ ਸਿੰਘ ਸੰਘਾ ਅਤੇ ਗੁਰਦੁਆਰਾ ਸਾਹਿਬ ਵੱਲੋਂ ਪ੍ਰਧਾਨ ਹਰਮਿੰਦਰਜੀਤ ਸਿੰਘ ਨੇ ਸ਼ਰਧਾਂਜਲੀ ਦਿੱਤੀ। ਮੇਜਰ ਸਾਹਿਬ ਦੇ ਸਪੁੱਤਰ ਜਗਮੋਹਨ ਸਿੰਘ ਨੇ ਵੀ ਆਪਣੇ ਪਿਤਾ ਬਾਰੇ ਕਿਹਾ ਕਿ ਉਹਨਾਂ ਨੂੰ ਹਮੇਸ਼ਾ ਇਕ ਦੋਸਤ ਅਤੇ ਮਾਰਗ ਦਰਸ਼ਕ ਦੀ ਕਮੀ ਮਹਿਸੂਸ ਹੋਵੇਗੀ। ਮੇਜਰ ਜਗਜੀਤ ਸਿੰਘ ਰਿਸ਼ੀ ਇਕ ਬਹੁਤ ਹੀ ਜਿੰਦਾਦਿਲ ਅਤੇ ਕੰਮ ਪ੍ਰਤੀ ਸਮਰਪਿਤ ਇਨਸਾਨ ਸੀ। ਇਸ ਮੌਕੇ ਐਕਸ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਇਹਨਾਂ ਦੇ ਪਰਿਵਾਰ ਨੂੰ ਮੈਡਲ ਨਾਲ ਸਨਮਾਨਤ ਕੀਤਾ ਗਿਆ। ਸਮਾਲ ਨਿਊਜ਼ ਪੇਪਰ ਕੋਂਸਲ ਵੱਲੋਂ ਨਰਿੰਦਰ ਕਸ਼ਯਪ, ਰਾਕੇਸ਼ ਮਹਾਜਨ, ਜਸਬੀਰ ਸਿੰਘ ਸੋਢੀ, ਗੁਰਨਾਮ ਸਿੰਘ ਸ਼ਰਧਾਂਜਲੀ ਸਮਾਰੋਹ ਵਿਚ ਸ਼ਾਮਲ ਹੋਏ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਤੋਂ ਪਹਿਲਾਂ ਉਹਨਾਂ ਦੇ ਪਰਿਵਾਰ ਵੱਲੋਂ ਘਰ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਕੀਰਤਨ ਅਤੇ ਅੰਤਿਮ ਅਰਦਾਸ ਮਾਡਲ ਟਾਉਨ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੇ ਗਏ। ਅਰਦਾਸ ਉਪਰੰਤ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ ਗਈ। ਪਰਿਵਾਰ ਵੱਲੋਂ ਗੁਰੂ ਦੇ ਲੰਗਰ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਸੀ।
21-6-2024 ਨੂੰ ਅਕਾਲ ਚਲਾਣਾ – ਇਸ ਤੋਂ ਪਹਿਲਾਂ ਮੇਜਰ ਜਗਜੀਤ ਸਿੰਘ ਰਿਸ਼ੀ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ 21 ਜੂਨ 2024 ਨੂੰ ਅਕਾਲ ਚਲਾਣਾ ਕਰ ਗਏ ਸੀ। ਉਹ ਪਿਛਲੇ ਥੋੜੇ ਦਿਨਾਂ ਤੋਂ ਬਿਮਾਰ ਸੀ ਅਤੇ ਪਰਿਵਾਰ ਵੱਲੋਂ ਉਹਨਾਂ ਦੀ ਪੂਰੀ ਦੇਖਭਾਲ ਅਤੇ ਵਧੀਆ ਇਲਾਜ ਕਰਵਾਇਆ ਗਿਆ। ਪਰ ਅਕਾਲ ਪੁਰਖ ਦੀ ਬਖਸ਼ੀ ਹੋਈ ਸੁਆਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਮੇਜਰ ਜਗਜੀਤ ਸਿੰਘ ਰਿਸ਼ੀ 21-6-2024 ਨੂੰ 88 ਸਾਲ ਦੀ ਉਮਰ ਵਿਚ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਅੰਤਿਮ ਸੰਸਕਾਰ 22 ਜੂਨ ਨੂੰ ਉਹਨਾਂ ਦੇ ਬੇਟੇ ਜਗਮੋਹਨ ਸਿੰਘ ਨੇ ਕੀਤਾ। ਇਹਨਾਂ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਵਿਚ ਰਿਸ਼ਤੇਦਾਰ ਅਤੇ ਦੋਸਤ ਸ਼ਾਮਲ ਹੋਏ। ਇਹਨਾਂ ਦੇ ਪਰਿਵਾਰ ਵਿਚ ਧਰਮ ਪਤਨੀ ਸ਼੍ਰੀਮਤੀ ਹਰਭਜਨ ਕੌਰ, ਬੇਟਾ ਜਗਮੋਹਨ ਸਿੰਘ, ਬੇਟੀਆਂ ਅਜੈਬਪ੍ਰੀਤ ਕੌਰ ਅਤੇ ਹਰਪ੍ਰੀਤ ਕੌਰ ਹਨ। ਬੇਟੀਆਂ ਅਤੇ ਬੇਟੇ ਆਪਣੇ ਪਰਿਵਾਰ ਨਾਲ ਖੁਸ਼ਹਾਲ ਜਿੰਦਗੀ ਬਿਤਾ ਰਹੇ ਹਨ। ਮੇਜਰ ਜਗਜੀਤ ਸਿੰਘ ਰਿਸ਼ੀ ਭਾਰਤੀ ਸੇਨਾ ਵਿਚੋਂ ਮੇਜਰ ਰਿਟਾਇਰ ਹੋਏ ਅਤੇ ਸਮਾਜ ਸੇਵਾ ਨਾਲ ਜੁੜ ਗਏ। ਇਹਨਾਂ ਬਹੁਤ ਸਾਰੀਆਂ ਸੰਸਥਾਵਾਂ ਨੂੰ ਬਨਾਉਣ ਅਤੇ ਚਲਾਉਣ ਲਈ ਅਣਥੱਕ ਮਿਹਨਤ ਕੀਤੀ। ਆਪਣੀ ਜਿੰਦਗੀ ਦੇ ਆਖਰੀ ਸਮੇਂ ਵਿਚ ਉਹ ਜਿੰਦਾਦਿਲੀ ਨਾਲ ਜਿਉਂਦੇ ਰਹੇ।
ਅਸੀਂ ਸਮਾਲ ਨਿਊਜ਼ ਪੇਪਰ ਕੋਂਸਲ ਅਤੇ ਅਦਾਰਾ ਪਹਿਚਾਨ ਵੈਬਸਾਈਟ ਵੱਲੋਂ ਆਪਣੇ ਇਸ ਮਹਾਨ ਅਤੇ ਜੁਝਾਰੂ ਸਾਥੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। ਇਹਨਾਂ ਦੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਹੋਇਆ ਹੈ ਉਥੇ ਨਾਲ ਹੀ ਸਾਰੀਆਂ ਸੰਸਥਾਵਾਂ ਨੂੰ ਬਹੁਤ ਘਾਟਾ ਹੈ ਜਿਸਦੀ ਕਮੀ ਪੂਰੀ ਨਹੀਂ ਕੀਤੀ ਜਾ ਸਕਦੀ। ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਣਾਂ ਵਿਚ ਨਿਵਾਸ ਦੇਵੇ।