Pawan Kumar Tinu Pays Tribute to Master Santokh Singh Bhogpur

ਮਾਸਟਰ ਸੰਤੋਖ ਸਿੰਘ ਨੂੰ ਭੇਂਟ ਕੀਤੇ ਸ਼ਰਧਾ ਦੇ ਫੁੱਲ

ਭੋਗਪੁਰ, 5-8-2021 (ਗੁਰਿੰਦਰ ਕਸ਼ਯਪ) – ਭੋਗਪੁਰ ਦੇ ਮਸ਼ਹੂਰ ਦਸ਼ਮੇਸ਼ ਹਸਪਤਾਲ ਅਤੇ ਦਸ਼ਮੇਸ਼ ਪੇਂਟ ਐਂਡ ਆਇਰਨ ਸਟੋਰ ਵਾਲਿਆਂ ਦੇ ਪਿਤਾ ਮਾਸਟਰ ਸੰਤੋਖ ਸਿੰਘ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਮਿਤੀ 27 ਜੁਲਾਈ ਨੂੰ ਦੁਪਹਿਰ 1.30 ਵਜੇ ਅਕਾਲ ਪੁਰਖਾਂ ਦੇ ਚਰਣਾਂ ਵਿਚ ਲੀਨ ਹੋ ਗਏ ਸੀ। ਸ. ਸੰਤੋਖ ਸਿੰਘ ਦੀ ਸਿਹਤ ਪਿਛਲੇ ਥੋੜੇ ਸਮੇਂ ਤੋਂ ਠੀਕ ਨਹੀਂ ਸੀ ਅਤੇ ਲੁਧਿਆਣਾ ਦੇ ਹਸਪਤਾਲ ਵਿਖੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਜਿੱਥੇ ਉਹਨਾਂ ਆਪਣੀ ਜਿੰਦਗੀ ਦੇ ਆਖਰੀ ਸਾਹ ਪੂਰੇ ਕੀਤੇ। ਇਹਨਾਂ ਦੀ ਆਤਮਿਕ ਸ਼ਾਂਤੀ ਲਈ 3 ਅਗਸਤ ਤੋਂ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ 5-8-2021 ਨੂੰ ਇਹਨਾਂ ਦੇ ਨਿਵਾਸ ਅਸਥਾਨ ਤੇ ਪਾਇਆ ਗਿਆ। ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਗੁਰਦਆਰਾ ਸਿੰਘ ਸਭਾ ਸ਼ੂਗਰ ਮਿੱਲ ਭੋਗਪੁਰ ਵਿਖੇ ਹੋਇਆ। ਇਸ ਦੌਰਾਨ ਕੀਰਤਨ ਤੋਂ ਉਪਰੰਤ ਅੰਤਿਮ ਅਰਦਾਸ ਕੀਤੀ ਗਈ।

ਅੰਤਿਮ ਅਰਦਾਸ ’ਚ ਸ਼ਾਮਲ ਵੱਡਾ ਇਕੱਠ

ਕੀਰਤਨ ਕਰਦੇ ਹੋਏ ਰਾਗੀ ਜੱਥਾ

ਇਥੇ ਮਾਸਟਰ ਸੰਤੋਖ ਸਿੰਘ ਜੀ ਨੂੰ ਅੰਤਿਮ ਸ਼ਰਧਾਂਜਲੀ ਦੇਣ ਵਾਸਤੇ ਬਹੁਤ ਵੱਡਾ ਇਕੱਠ ਹੋਇਆ। ਇਸ ਮੌਕੇ ਰਿਸ਼ਤੇਦਾਰ, ਸੱਜਣ-ਮਿੱਤਰ, ਇਲਾਕੇ ਦੇ ਪਤਵੰਤੇ ਸੱਜਣ, ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ, ਰਾਜਨੀਤਿਕ ਪਾਰਟੀਆਂ ਦੇ ਅਹੁਦੇਦਾਰ ਨੇ ਮਾਸਟਰ ਸੰਤੋਖ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਨਗਰ ਕੋਂਸਲ ਭੋਗਪੁਰ ਦੇ ਪ੍ਰਧਾਨ ਪਰਮਿੰਦਰ ਸਿੰਘ, ਜੱਸਦਿਆਲ ਜੱਸ, ਕੋਂਸਲਰ ਸੁਖਜੀਤ ਸਿੰਘ, ਹਰਵਿੰਦਰ ਸਿੰਘ ਬੋਲੀਨਾ, ਭੋਗਪੁਰ ਦੇ ਸਾਬਕਾ ਐਮ.ਐਲ.ਏ. ਸ. ਕਮਲਜੀਤ ਸਿੰਘ ਲਾਲੀ, ਮੌਜੂਦਾ ਐਮ.ਐਲ.ਏ. ਸ਼੍ਰੀ ਪਵਨ ਕੁਮਾਰ ਟੀਨੂੰ, ਨਕੋਦਰ ਦੇ ਐਮ.ਐਲ.ਏ. ਸ. ਗੁਰਪ੍ਰਤਾਪ ਸਿੰਘ ਵਡਾਲਾ ਨੇ ਵੀ ਉਚੇਚੇ ਤੌਰ ਤੇ ਮਾਸਟਰ ਸੰਤੋਖ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਤੋਂ ਅਲਾਵਾ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਵੱਲੋਂ ਫਾਉਂਡਰ ਮੈਂਬਰ ਸ਼੍ਰੀ ਨਰਿੰਦਰ ਕਸ਼ਯਪ, ਵਿਜੇ ਕੁਮਾਰ, ਜਗਦੀਸ਼ ਸਿੰਘ ਲਾਟੀ, ਰਵੀ ਬਮੋਤਰਾ, ਕਸ਼ਯਪ ਕ੍ਰਾਂਤੀ ਦੇ ਮੁੱਖ ਸੰਪਾਦਕ ਸ਼੍ਰੀਮਤੀ ਮੀਨਾਕਸ਼ੀ ਕਸ਼ਯਪ, ਸੁਜਾਤਾ ਬਮੋਤਰਾ ਵੀ ਸ਼ਾਮਲ ਹੋਏ। ਇਹਨਾਂ ਦੇ ਪਰਿਵਾਰ ਵੱਲੋਂ ਇਸ ਮੌਕੇ ਬਹੁਤ ਹੀ ਵਧੀਆ ਲੰਗਰ ਦਾ ਪ੍ਰਬੰਧ ਕੀਤਾ ਗਿਆ।

ਅੰਤਿਮ ਸ਼ਰਧਾਂਜਲੀ ਭੇਂਟ ਕਰਦੇ ਹੋਏ ਐਮ.ਐਲ.ਏ. ਸ਼੍ਰੀ ਪਵਨ ਕੁਮਾਰ ਟੀਨੂੰ

ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਸਾਬਕਾ ਐਮ.ਐਲ.ਏ. ਕਮਲਜੀਤ ਸਿੰਘ ਲਾਲੀ

ਮਾਸਟਰ ਸੰਤੋਖ ਸਿੰਘ – ਸ. ਸੰਤੋਖ ਸਿੰਘ ਜੀ ਦਾ ਜਨਮ 2-1-1938 ਨੂੰ ਭੋਗਪੁਰ ਦੇ ਨੇੜਲੇ ਪਿੰਡ ਨੰਗਲ ਫਰੀਦ ਵਿਖੇ ਹੋਇਆ। ਮੁੱਢਲੀ ਸਿੱਖਿਆ ਪਿੰਡ ਤੋਂ ਹੀ ਹਾਸਲ ਕਰਦੇ ਹੋਏ ਇਹਨਾਂ ਮੈਟ੍ਰਿਕ ਪਾਸ ਕੀਤੀ। ਇਸ ਤੋਂ ਅੱਗੇ ਇਹਨਾਂ ਜੇ.ਬੀ.ਟੀ. ਦਾ ਟੈਸਟ ਪਾਸ ਕਰਕੇ ਸਕੂਲ ਮਾਸਟਰ ਦੀ ਨੌਕਰੀ ਸ਼ੁਰੂ ਕੀਤੀ। ਵਿਦਿਅਕ ਖੇਤਰ ਵਿਚ ਆਪਣੀਆਂ ਸੇਵਾਵਾਂ ਦਿੰਦੇ ਹੋਏ ਸੰਤੋਖ ਸਿੰਘ ਜੀ ਮੁੱਖ ਅਧਿਆਪਕ ਦੇ ਤੌਰ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਰਿਟਾਇਰ ਹੋਏ ਸੀ। ਰਿਟਾਇਰਮੈਂਟ ਤੋਂ ਬਾਅਦ ਵੀ ਇਹਨਾਂ ਵਿਹਲੇ ਬੈਠ ਕੇ ਸਮਾਂ ਗੁਜਾਰਨ ਦੀ ਥਾਂ ਕੰਮ ਨੂੰ ਪਹਿਲ ਦਿੱਤੀ ਅਤੇ ਆਪਣੇ ਬੇਟੇ ਦੇ ਹਸਪਤਾਲ ਵਿਖੇ ਦਸ਼ਮੇਸ਼ ਮੈਡੀਕਲ ਹਾਲ ਤੇ ਕੰਮ ਕਰਨਾ ਜਾਰੀ ਰੱਖਿਆ। ਇਹਨਾਂ ਦੀ ਧਰਮਪਤਨੀ ਸਰਦਾਰਨੀ ਹਰਭਜਨ ਕੌਰ ਜੀ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮੁੱਖ ਅਧਿਆਪਕ ਵਜੋਂ ਰਿਟਾਇਰ ਹੋਏ ਹਨ। ਇਹਨਾਂ ਦੇ ਪਰਿਵਾਰ ਵਿਚ ਤਿੰਨ ਬੇਟੇ ਡਾ. ਉਂਕਾਰ ਸਿੰਘ, ਗੁਰ ਆਗਿਆਪਾਲ ਸਿੰਘ ਅਤੇ ਕਮਲਜੀਤ ਸਿੰਘ ਅਤੇ ਇਕ ਬੇਟੀ ਸਤਿੰਦਰ ਕੌਰ ਹੈ। ਵੱਡਾ ਬੇਟਾ ਡਾ. ਉਂਕਾਰ ਸਿੰਘ ਭੋਗਪੁਰ ਵਿਖੇ ਦਸ਼ਮੇਸ਼ ਹਸਪਤਾਲ ਦੇ ਨਾਮ ਉਪਰ ਆਪਣਾ ਹਸਪਤਾਲ ਚਲਾ ਰਹੇ ਹਨ। ਛੋਟੇ ਬੇਟੇ ਗੁਰ ਆਗਿਆਪਾਲ ਸਿੰਘ ਅਤੇ ਕਮਲਜੀਤ ਸਿੰਘ ਦੋਵੇਂ ਭਰਾ ਇਕੱਠੇ ਦਸ਼ਮੇਸ਼ ਪੇਂਟ ਐਂਡ ਹਾਰਡਵੇਅਰ ਸਟੋਰ ਦੇ ਨਾਮ ਉਪਰ ਆਪਣਾ ਹਾਰਡਵੇਅਰ, ਪੇਂਟ ਅਤੇ ਸੈਨੇਟਰੀ ਦਾ ਸ਼ੋਅਰੂਮ ਚਲਾਉਂਦੇ ਹਨ ਜਦਕਿ ਬੇਟੀ ਸਤਿੰਦਰ ਕੌਰ ਸਰਕਾਰੀ ਅਧਿਆਪਕ ਹੈ। ਬੇਟੇ ਕਮਲਜੀਤ ਸਿੰਘ ਦਾ ਰਾਜਨੀਤਿਕ ਹਲਕੇ ਵਿਚ ਵੀ ਚੰਗਾ ਨਾਮ ਹੈ। ਇਹਨਾਂ ਦੇ ਦਾਮਾਦ ਸ. ਬਲਵਿੰਦਰ ਸਿੰਘ ਪੰਜਾਬ ਪੁਲਿਸ ਵਿਚ ਏ.ਐਸ.ਆਈ. ਦੇ ਤੌਰ ਤੇ ਨੌਕਰੀ ਕਰ ਰਹੇ ਸੀ ਜਿਹੜੇ ਪਿਛਲੇ ਸਾਲ 21 ਅਕਤੂਬਰ ਨੂੰ ਅਕਾਲ ਚਲਾਣਾ ਕਰ ਗਏ ਸੀ। ਇਹਨਾਂ ਦਾ ਪਰਿਵਾਰ ਭੋਗਪੁਰ ਦੇ ਇਲਾਕੇ ਵਿਚ ਇਕ ਮਸ਼ਹੂਰ ਅਤੇ ਸੇਵਾ ਭਾਵਨਾ ਵਾਲਾ ਪਰਿਵਾਰ ਹੈ। ਸ. ਸੰਤੋਖ ਸਿੰਘ ਜੀ ਗੁਰਮੁਖ ਵਿਚਾਰਾਂ ਵਾਲੇ ਇਕ ਬਹੁਤ ਹੀ ਸੂਝਵਾਨ ਅਤੇ ਮਿਲਣਸਾਰ ਇਨਸਾਨ ਸਨ। ਇਹਨਾਂ ਦੇ ਬੱਚਿਆਂ ਨੇ ਆਪਣੇ ਖੇਤਰ ਵਿਚ ਆਪਣਾ ਨਾਮ ਬਣਾਇਆ ਹੈ ਅਤੇ ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕੀਤਾ ਹੈ। ਸ. ਸੰਤੋਖ ਸਿੰਘ ਜੀ ਤਿੰਨ ਭਰਾ ਅਤੇ ਦੋ ਭੈਣਾਂ ਸਨ। ਇਹਨਾਂ ਦਾ ਭਰਾਵਾਂ ਅਤੇ ਉਹਨਾਂ ਦੇ ਬੱਚਿਆਂ ਵਿਚ ਆਪਸ ਵਿਚ ਬਹੁਤ ਪਿਆਰ ਹੈ ਜਿਹੜਾ ਕਿ ਅੱਜ ਦੇ ਸਮੇਂ ਵਿਚ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਇਹ ਇਕ ਸਾਂਝੇ ਪਰਿਵਾਰ ਦੀ ਅਜੋਕੇ ਸਮੇਂ ਵਿਚ ਬਹੁਤ ਵੱਡੀ ਮਿਸਾਲ ਹੈ।
ਅਸੀਂ ਕਸ਼ਯਪ ਕ੍ਰਾਂਤੀ ਪੱਤ੍ਰਿਕਾ ਅਤੇ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਵੱਲੋਂ ਸ. ਸੰਤੋਖ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਇਹੋ ਜਿਹੀ ਨੇਕ ਰੂਹ ਨੂੰ ਆਪਣੇ ਚਰਣਾਂ ਵਿਚ ਨਿਵਾਸ ਬਖਸ਼ਿਸ਼ ਕਰਨ।

ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਨਕੋਦਰ ਦੇ ਐਮ.ਐਲ.ਏ. ਸ. ਗੁਰਪ੍ਰਤਾਸ ਸਿੰਘ ਵਡਾਲਾ

Leave a Reply