ਪਾਣੀ ਨਾ ਆਉਣ ਤੋਂ ਦੁਖੀ ਮੁਹੱਲਾ ਸੰਤੋਖਪੁਰਾ ਦੀਆਂ ਬੀਬੀਆਂ ਨੇ ਲਗਾਇਆ ਸੜਕ ਤੇ ਧਰਨਾ
ਸੜਕ ਤੇ ਧਰਨਾ ਲਗਾ ਕੇ ਬੈਠੇ ਮੁਹੱਲਾ ਸੰਤੋਖਪੁਰਾ ਨਿਵਾਸੀ
ਜਲੰਧਰ, 18-9-2024 (ਗੁਰਿੰਦਰ ਕਸ਼ਯਪ) – ਪਿਛਲੇ ਕਈ ਦਿਨਾਂ ਤੋਂ ਪਾਣੀ ਦੀ ਸਮੱਸਿਆ ਤੋਂ ਪਰੇਸ਼ਾਨ ਮੁਹੱਲਾ ਸੰਤੋਖਪੁਰਾ ਦੀਆਂ ਬੀਬੀਆਂ ਅਤੇ ਨੌਜਵਾਨਾਂ ਨੇ ਕਿਸ਼ਨਪੁਰਾ-ਲੰਮਾਪਿੰਡ ਰੋਡ ਤੇ ਸੜਕ ਜਾਮ ਕਰਕੇ ਧਰਨਾ ਲਗਾਇਆ। ਅੱਜ ਸ਼ਾਮ 6.30 ਵਜੇ ਦੇ ਕਰੀਬ ਮੁਹੱਲਾ ਸੰਤੋਖਪੁਰਾ ਨਿਵਾਸੀ ਪਾਣੀ ਨਾ ਆਉਣ ਤੇ ਨਰਾਜ ਹੋ ਕੇ ਸੜਕ ਤੇ ਆ ਗਏ। ਉਹਨਾਂ ਸੜਕ ਦੀ ਆਵਾਜਾਈ ਰੋਕ ਕੇ ਪ੍ਰਸ਼ਾਸਨ ਤੱਕ ਆਪਣੀ ਅਵਾਜ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਪ੍ਰੈਸ ਨਾਲ ਗੱਲ ਕਰਦੇ ਹੋਏ ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਪਾਣੀ ਨਾ ਆਉਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਰਹੇ ਹਨ। ਉਹਨਾਂ ਕਈ ਵਾਰ ਕਾਰਪੋਰੇਸ਼ਨ ਦਫਤਰ ਵੀ ਸ਼ਿਕਾਇਤ ਕੀਤੀ ਹੈ, ਪਰ ਕੋਈ ਸੁਣਵਾਈ ਨਹੀਂ ਹੋਈ। ਉਹਨਾਂ ਇਲਾਕੇ ਦੇ ਐਮ.ਐਲ.ਏ. ਬਾਵਾ ਹੈਨਰੀ ਨੂੰ ਵੀ ਤਿੰਨ ਮਹੀਨੇ ਪਹਿਲਾਂ ਲਿਖਤੀ ਸ਼ਿਕਾਇਤ ਦਿੱਤੀ ਸੀ ਤੇ ਬਾਵਾ ਹੈਨਰੀ ਨੇ ਭਰੋਸਾ ਦਿਵਾਇਆ ਕਿ ਉਹ ਜਲਦੀ ਹੀ ਇਸ ਮਸਲੇ ਨੂੰ ਹੱਲ ਕਰਵਾਉਣਗੇ। ਪਰ ਹੁਣ ਤੱਕ ਇਸ ਮਸਲੇ ਦਾ ਕੋਈ ਪੱਕਾ ਹਲ ਨਹੀਂ ਨਿਕਲਿਆ। ਹੁਣ ਵੀ ਮੁਹੱਲਾ ਨਿਵਾਸੀ ਪਿਛਲੇ 10 ਦਿਨਾਂ ਤੋਂ ਪਾਣੀ ਦੀ ਸਪਲਾਈ ਪੂਰੀ ਨਾ ਹੋਣ ਕਾਰਣ ਦੁਖੀ ਸਨ। ਨਾ ਤਾਂ ਮਿਉਂਸਪਲ ਕਮਿਸ਼ਨਰ ਕੋਲ ਉਹਨਾਂ ਦੀ ਸੁਣਵਾਈ ਹੋ ਰਹੀ ਹੈ ਅਤੇ ਨਾ ਹੀ ਇਲਾਕੇ ਦੇ ਐਮ.ਐਲ.ਏ. ਵੱਲੋਂ ਇਸਦਾ ਹੱਲ ਹੋ ਰਿਹਾ ਹੈ।
ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਉਹ ਕਦੇ ਕਿਤੋਂ ਪਾਣੀ ਭਰ ਕੇ ਲੈਕੇ ਆਉਂਦੇ ਹਨ ਅਤੇ ਕਦੇ ਕਿਤੋਂ ਹੋਰ ਪਾਣੀ ਲਿਆਉਂਦੇ ਹਨ। ਕਈ ਵਾਰ ਮੁਹੱਲੇ ਵਿਚ ਟੈਂਕਰ ਰਾਹੀਂ ਪਾਣੀ ਦੀ ਪੂਰਤੀ ਕੀਤੀ ਜਾਂਦੀ ਹੈ। ਅਖੀਰ ਅੱਜ ਮੁਹੱਲੇ ਵਾਲੇ ਦੁਖੀ ਹੋ ਕੇ ਸੜਕ ਤੇ ਉਤਰੇ ਹਨ। ਇਸ ਮੌਕੇ ਬੀਬੀ ਕਮਲੇਸ਼ ਰਾਣੀ, ਪ੍ਰਵੀਣ ਕੁਮਾਰੀ, ਸੱਤਿਆ, ਬਖਸ਼ੋ, ਅਨਮੋਲ, ਰਾਜਨ ਅਤੇ ਬਹੁਤ ਸਾਰੇ ਮੁਹੱਲੇ ਵਾਲੇ ਮੌਜੂਦ ਸਨ। ਇਲਾਕੇ ਦੇ ਪੁਲਿਸ ਇੰਸਪੈਕਟਰ ਗੁਰਮਖ ਸਿੰਘ ਦਿਓਲ ਨੇ ਭਰੋਸਾ ਦਿਵਾਇਆ ਕਿ ਉਹ ਪ੍ਰਸ਼ਾਸਨ ਨਾਲ ਗੱਲ ਕਰਕੇ ਸਮੱਸਿਆ ਅਧਿਕਾਰੀਆਂ ਤੱਕ ਪਹੁੰਚਾਣਗੇ। ਸੜਕ ਬੰਦ ਹੋਣ ਕਰਕੇ ਆਮ ਨਿਵਾਸੀਆਂ ਨੂੰ ਵੀ ਬਹੁਤ ਤਕਲੀਫ ਹੋਈ ਅਤੇ ਉਹਨਾਂ ਨੂੰ ਆਪਣੇ ਸਥਾਨ ਤੱਕ ਪਹੁੰਚਣ ਲਈ ਘੁੰਮ ਕੇ ਜਾਣਾ ਪਿਆ।