ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਨਾਮ ਤੇ ਰੱਖਿਆ ਗਿਆ ਬੱਸ ਸਟੈਂਡ ਉੜਮੁੜ ਟਾਂਡਾ ਦਾ ਨਾਮ
ਕਸ਼ਯਪ ਰਾਜਪੂਤ ਸਭਾ ਬਲਾਕ ਟਾਂਡਾ ਦੀ ਮਿਹਨਤ ਸਦਕਾ ਰੱਖਿਆ ਗਿਆ ਇਹ ਨਾਮ
ਬੱਸ ਸਟੈਂਡ ਦਾ ਉਦਘਾਟਨ ਕਰਦੇ ਹੋਏ ਗੁਰਵਿੰਦਰ ਸਿੰਘ ਪਾਬਲਾ ਅਤੇ ਕਸ਼ਯਪ ਰਾਜਪੂਤ ਸਭਾ ਦੇ ਮੈਂਬਰ
ਉੜਮੁੜ ਟਾਂਡਾ, 21-10-2024 (ਗੁਰਿੰਦਰ ਕਸ਼ਯਪ) – ਸਿੱਖ ਇਤਿਹਾਸ ਵਿਚ ਪੂਰੇ ਪਵਿਰਾਰ ਦੀ ਸ਼ਹਾਦਤ ਦੇਣ ਵਾਲੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹੀਦੀ ਨੂੰ ਹੁਣ ਪੂਰੇ ਪੰਜਾਬ ਵਿਚ ਮਾਣ ਮਿਲ ਰਿਹਾ ਹੈ। ਇਸੇ ਲੜੀ ਵਿਚ ਅੱਜ ਹੁਸ਼ਿਆਰਪੁਰ ਜਿਲ੍ਹੇ ਦੇ ਉੜਮੁੜ ਟਾਂਡਾ ਬੱਸ ਅੱਡੇ ਦਾ ਨਾਮ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੇ ਨਾਮ ਉਪਰ ਰੱਖਿਆ ਗਿਆ। ਇਸਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ।
ਇਸ ਮੌਕੇ ਇਲਾਕੇ ਦੇ ਐਮ.ਐਲ.ਏ. ਜਸਵੀਰ ਸਿੰਘ ਰਾਜਾ ਗਿੱਲ ਵੱਲੋਂ ਨਗਰ ਕੋਂਸਲ ਟਾਂਡਾ ਦੇ ਦਫਤਰ ਵਿਖੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇਸ ਤੋਂ ਉਪਰੰਤ ਭਾਈ ਜਸਵੀਰ ਸਿੰਘ ਟਾਂਡਾ ਵਾਲੇ ਦੇ ਰਾਗੀ ਜੱਥੇ ਨੇ ਸੰਗਤਾਂ ਨੂੰ ਬਾਬਾ ਮੋਤੀ ਰਾਮ ਮਹਿਰਾ ਦੀ ਮਹਾਨ ਸ਼ਹੀਦੀ ਬਾਰੇ ਦੱਸਿਆ ਅਤੇ ਸਿੱਖ ਇਤਿਹਾਸ ਨਾਲ ਜੋੜਿਆ। ਅਰਦਾਸ ਉਪਰੰਤ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ ਗਈ। ਕਸ਼ਯਪ ਰਾਜਪੂਤ ਸਭਾ ਟਾਂਡਾ ਵੱਲੋਂ ਸਿਟੀ ਪ੍ਰਧਾਨ ਤਰਸੇਮ ਲਾਲ ਪੱਪੂ ਨੇ ਐਮ.ਐਲ.ਏ. ਸਰਵਜੀਤ ਸਿੰਘ ਰਾਜਾ, ਡੀ.ਸੀ. ਹੁਸ਼ਿਆਰਪੁਰ ਅਤੇ ਸਾਰੇ ਸੰਬੰਧਤ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹਨਾਂ ਸਾਰਿਆਂ ਦੀ ਕੋਸ਼ਿਸ਼ ਦਾ ਨਤੀਜਾ ਹੈ ਕਿ ਉੜਮੁੜ ਬੱਸ ਸਟੈਂਡ ਦਾ ਨਾਮ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਬੱਸ ਸਟੈਂਡ ਰੱਖਿਆ ਗਿਆ ਹੈ। ਉਹਨਾਂ ਇਸ ਕੰਮ ਲਈ ਕਸ਼ਯਪ ਰਾਜਪੂਤ ਸਭਾ ਟਾਂਡਾ ਦੇ ਪ੍ਰਧਾਨ ਸਵਰਣ ਸਿੰਘ ਡੱਡੀਆਂ ਅਤੇ ਮੈਂਬਰਾ ਨੂੰ ਵਧਾਈਆਂ ਦਿੱਤੀਆਂ ਕਿ ਉਹਨਾਂ ਦੀ ਮਿਹਨਤ ਰੰਗ ਲਿਆਈ ਹੈ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਕੁਰਬਾਨੀ ਬਾਰੇ ਹੁਣ ਹੋਰ ਵੀ ਪ੍ਰਚਾਰ ਹੋਵੇਗਾ। ਐਮ.ਐਲ.ਏ. ਜਸਵੀਰ ਸਿੰਘ ਰਾਜਾ ਗਿੱਲ ਦੀ ਗੈਰ ਹਾਜਰੀ ਵਿਚ ਜਿਲ੍ਹਾ ਪ੍ਰ੍ਰਧਾਨ ਗੁਰਵਿੰਦਰ ਸਿੰਘ ਪਾਬਲਾ ਨੇ ਕਿਹਾ ਕਿ ਇਤਿਹਾਸ ਵਿਚ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹਾਦਤ ਵਰਗੀ ਕੋਈ ਹੋਰ ਮਿਸਾਲ ਨਹੀਂ ਮਿਲਦੀ ਹੈ। ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਮਹਾਨ ਸ਼ਹਾਦਤ ਨੂੰ ਯਾਦ ਕਰਦੇ ਹੋਏ ਬੱਸ ਸਟੈਂਡ ਉੜਮੁੜ ਟਾਂਡਾ ਦਾ ਨਾਮ ਇਸ ਸ਼ਹੀਦ ਦੇ ਨਾਮ ਰੱਖ ਕੇ ਇਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੀ ਹੈ।
ਇਸ ਮੌਕੇ ਸਵੇਰੇ ਚਾਹ ਪਕੌੜਿਆਂ ਦਾ ਲੰਗਰ ਸੰਗਤ ਲਈ ਲਗਾਇਆ ਗਿਆ ਸੀ ਅਤੇ ਦੁਪਹਿਰ ਨੂੰ ਗੁਰੂ ਦੇ ਲੰਗਰ ਦਾ ਚੰਗਾ ਪ੍ਰਬੰਧ ਕੀਤਾ ਗਿਆ ਸੀ।
ਸੁਖਮਣੀ ਸਾਹਿਬ ਦੇ ਪਾਠ ਦੇ ਭੋਗ ਤੋਂ ਉਪਰੰਤ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਤੇ ਕਸ਼ਯਪ ਰਾਜਪੂਤ ਟਾਂਡਾ ਦੇ ਮੈਂਬਰਾਂ ਦੀ ਹਾਜਰੀ ਵਿਚ ਗੁਰਵਿੰਦਰ ਸਿੰਘ ਪਾਬਲਾ ਨੇ ਆਪਣੇ ਕਰ ਕਮਲਾਂ ਨਾਲ ਇਸ ਬੱਸ ਸਟੈਂਡ ਦਾ ਉਦਘਾਟਨ ਕੀਤਾ। ਪ੍ਰਧਾਨ ਸਵਰਣ ਸਿੰਘ ਡੱਡੀਆਂ ਨੇ ਇਸ ਕੰਮ ਲਈ ਇਲਾਕੇ ਦੇ ਐਮ.ਐਲ.ਏ., ਐਸ.ਡੀ.ਐਮ ਅਤੇ ਡੀ.ਸੀ. ਦਾ ਧੰਨਵਾਦ ਕੀਤਾ।
ਇਸ ਮੌਕੇ ਇਲਾਕੇ ਦੇ ਐਸ.ਡੀ.ਐਮ. ਪੰਕਜ ਬਾਂਸਲ, ਐਸ.ਡੀ.ਓ. ਕੁਲਦੀਪ ਸਿੰਘ, ਕਸ਼ਯਪ ਰਾਜਪੂਤ ਟਾਂਡਾ ਦੇ ਪ੍ਰਧਾਨ ਸਵਰਣ ਸਿੰਘ ਡੱਡੀਆਂ, ਜਨਰਲ ਸਕੱਤਰ ਜਗਦੀਸ਼ ਸਿੰਘ ਲਾਂਬਾ, ਕੈਸ਼ੀਅਰ ਬਸੰਤ ਖਨਮੋਤਰਾ, ਵਿਜੇ ਕਸ਼ਯਪ, ਰਮੇਸ਼ ਖਨਮੋਤਰਾ, ਅਜੇ ਕੁਮਾਰ, ਤਰਸੇਮ ਲਾਲ ਪੱਪੂ, ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੇ ਮਾਲਕ ਨਰਿੰਦਰ ਕਸ਼ਯਪ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਮੌਜੂਦ ਸਨ।
ਬਾਬਾ ਮੋਤੀ ਰਾਮ ਮਹਿਰਾ ਜੀ – ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਵੱਲੋਂ ਠੰਡੇ ਬੁਰਜ ਵਿਚ ਕੈਦ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜਾਦਿਆਂ ਨੂੰ ਤਿੰਨ ਰਾਤਾਂ ਗਰਮ ਦੁੱਧ ਦੀ ਸੇਵਾ ਕੀਤੀ ਗਈ। ਉਹਨਾਂ ਆਪਣਾ ਧਰਮ ਨਿਭਾਉਂਦੇ ਹੋਏ, ਆਪਣੇ ਪਰਿਵਾਰ ਦੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇਹ ਸੇਵਾ ਨਿਭਾਈ। ਇਸ ਸੇਵਾ ਦਾ ਪਤਾ ਲੱਗਣ ਤੇ ਸਰਹਿੰਦ ਦੇ ਨਵਾਬ ਵੱਲੋਂ ਮੋਤੀ ਰਾਮ ਮਹਿਰਾ ਨੂੰ ਪਰਿਵਾਰ ਸਮੇਤ ਕੋਹਲੂ ਵਿਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ। ਆਪਣਾ ਘਰ ਬਾਰ ਬੇਚ ਕੇ ਅਤੇ ਪਹਿਰੇਦਾਰਾਂ ਨੂੰ ਰਿਸ਼ਵਤ ਦੇ ਕੇ ਆਪਣੇ ਪਰਿਵਾਰ ਦੀ ਮੌਤ ਖਰੀਦਣ ਵਾਲੀ ਅਜਿਹੀ ਮਹਾਨ ਕੁਰਬਾਨੀ ਦੀ ਹੋਰ ਕੋਈ ਮਿਸਾਲ ਨਹੀਂ ਮਿਲਦੀ ਹੈ। ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਤੋਂ ਬਾਅਦ ਬਾਬਾ ਮੋਤੀ ਰਾਮ ਮਹਿਰਾ ਅਤੇ ਉਹਨਾਂ ਦੇ ਪਰਿਵਾਰ ਵਿਚੋਂ ਬਜੁਰਗ ਮਾਤਾ, ਪਤਨੀ ਅਤੇ 6 ਸਾਲ ਦੇ ਬੇਟੇ ਨੂੰ ਕੋਹਲੂ ਵਿਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ।