ਆਲ ਇੰਡੀਆ ਸਮਾਲ ਨਿਊਜ਼ ਪੇਪਰਜ਼ ਕੌਂਸਲ (ਰਜਿ.) ਦੀ ਸਲਾਨਾ ਕਾਨਫਰੰਸ ਦੌਰਾਨ ਸਾਂਝੀਆਂ ਕੀਤੀਆਂ ਛੋਟੇ ਸਮਾਚਾਰ ਪੱਤਰਾਂ ਦੀਆਂ ਮੁਸ਼ਕਲਾਂ
ਮੁੱਖ ਮਹਿਮਾਨ ਡਾ. ਇਕਬਾਲ ਸਿੰਘ ਸਾਬਕਾ ਗਵਰਨਰ ਨੂੰ ਦਿੱਤਾ ਮੰਗ ਪੱਤਰ
ਸਲਾਨਾ ਕਾਨਫਰੰਸ ਵਿਚ ਸ਼ਾਮਲ ਹੋਏ ਪੰਜਾਬ ਭਰ ਦੇ ਡੈਲੀਗੇਟਸ
ਜਲੰਧਰ, 30-10-2021 (ਮੀਨਾਕਸ਼ੀ ਕਸ਼ਯਪ) – ਆਲ ਇੰਡੀਆ ਸਮਾਲ ਨਿਊਜ਼ ਪੇਪਰਜ਼ ਕੌਂਸਲ ਦੀ ਸਲਾਨਾ ਕਾਨਫਰੰਸ ਕੌਂਸਲ ਦੇ ਪ੍ਰਧਾਨ ਸ. ਬੇਅੰਤ ਸਿੰਘ ਸਰਹੱਦੀ ਦੀ ਪ੍ਰਧਾਨਗੀ ਹੇਠ 30 ਅਕਤੂਬਰ 2021 ਨੂੰ ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਹੋਈ, ਜਿਸ ਵਿਚ ਪੰਜਾਬ ਭਰ ਤੋਂ ਵੱਖ-ਵੱਖ ਸਮਾਚਾਰ ਪੱਤਰਾਂ ਦੇ ਮਾਲਕਾਂ ਅਤੇ ਸੰਪਾਦਕਾਂ ਨੇ ਹਿੱਸਾ ਲਿਆ। ਸਵੇਰੇ 11 ਵਜੇ ਤੱਕ ਸਾਰੇ ਮੈਂਬਰ ਸਾਹਿਬਾਨ ਪਹੁੰਚ ਗਏ ਸੀ। ਕੌਂਸਲ ਦੇ ਜਨਰਲ ਸਕੱਤਰ ਮੇਜਰ ਜਗਜੀਤ ਸਿੰਘ ਰਿਸ਼ੀ ਨੇ ਸਲਾਨਾ ਕਾਨਫਰੰਸ ਦਾ ਏਜੰਡਾ ਰੱਖਦੇ ਹੋਏ ਆਏ ਹੋਏ ਮੈਂਬਰਾਂ ਦਾ ਸਵਾਗਤ ਕੀਤਾ। ਕਾਨਫਰੰਸ ਦੇ ਪਹਿਲੇ ਹਿੱਸੇ ਦੌਰਾਨ ਵੱਖ-ਵੱਖ ਸਮਾਚਾਰ ਪੱਤਰਾਂ ਦੇ ਮਾਲਕਾਂ ਨੇ ਛੋਟੇ ਸਮਾਚਾਰ ਪੱਤਰਾਂ ਨੂੰ ਪੇਸ਼ ਆ ਰਹੀਆਂ ਔਕੜਾਂ ਬਾਰੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ।
ਇਸ ਦੌਰਾਨ ਕੋਟਕਪੂਰਾ ਤੋਂ ਮਾਲਵਾ ਨਿਊਜ਼ ਦੇ ਮਾਲਕ ਹੁਕਮ ਚੰਦ, ਰਣਜੀਤ ਪੇਪਰ ਦੇ ਮਾਲਕ ਇੰ. ਕਰਨੈਲ ਸਿੰਘ, ਪਬਲਿਕ ਟਾਈਮਜ਼ ਤੋਂ ਪੁਸ਼ਪਿੰਦਰ ਕੌਰ, ਬਲਜੀਤ ਸਿੰਘ ਸੰਘਾ, ਗੀਤਾ ਵਰਮਾ, ਡਾ. ਸਰਬਜੀਤ ਸਿੰਘ ਛੀਨਾ ਅੰਮ੍ਰਿਤਸਰ, ਅਸ਼ੋਕ ਖੰਨਾ ਜਗਤ ਵਾਣੀ, ਕੁਲਦੀਪ ਸਿੰਘ ਬੇਦੀ ਮਾਸਿਕ ਖੁਸ਼ਖਬਰੀ, ਪਥਿਕ ਸੰਦੇਸ਼ ਤੋਂ ਰਾਕੇਸ਼ ਸੈਨ, ਯੁਗ ਬੋਧ ਤੋਂ ਕੈਲਾਸ਼ ਠੁਕਰਾਲ, ਮਲੇਰਕੋਟਲਾ ਤੋਂ ਪਹੁ ਫੁਟਾਲਾ ਦੇ ਮਾਲਕ ਮੁਹਮੰਦ ਯੂਸੁਫ ਅੰਸਾਰੀ, ਮਸੀਹੀ ਸੰਸਾਰ ਤੋਂ ਫਰੈਡੀ ਜੋਸਫ, ਤੀਰ ਨਿਸ਼ਾਨੇ ਤੇ ਦੇ ਮਾਲਕ ਰਾਕੇਸ਼ ਮਹਾਜਨ, ਕਸ਼ਯਪ ਕ੍ਰਾਂਤੀ ਦੇ ਮਾਲਕ ਨਰਿੰਦਰ ਕਸ਼ਯਪ, ਸੁਭਾਸ਼ ਚੰਦਰ ਨਿਸਤਾਂਦਰਾ, ਵੈਲਕਮ ਪੰਜਾਬ ਤੋਂ ਅਮਰਪ੍ਰੀਤ ਸਿੰਘ, ਦੁਆਬਾ ਹੈਡਲਾਈਨ ਤੋਂ ਰਾਮ ਸਿੰਘ ਔਲਖ ਆਦਿ ਮੈਂਬਰਾਂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਛੋਟੇ ਸਮਾਚਾਰ ਪੱਤਰਾਂ ਦੀਆਂ ਮੁਸ਼ਕਲਾਂ ਦੱਸੀਆਂ। ਇਹਨਾਂ ਵਿਚੋਂ ਮੁੱਖ ਤੌਰ ਤੇ ਡਾਕ ਨਾ ਪਹੁੰਚਣਾ, ਸਰਕਾਰ ਵੱਲੋਂ ਛੋਟੇ ਸਮਾਚਾਰ ਪੱਤਰਾਂ ਨੂੰ ਇਸ਼ਤਿਹਾਰ ਨਾ ਦੇਣਾ, ਛੋਟੇ ਸਮਾਚਾਰ ਪੱਤਰਾਂ ਦੇ ਮਾਲਕਾਂ ਨੂੰ ਕੋਈ ਸਹੂਲਤ ਨਾ ਮਿਲਣਾ ਆਦਿ ਬਾਰੇ ਵਿਚਾਰ ਪੇਸ਼ ਕੀਤੇ ਗਏ। ਮੇਜਰ ਜਗਜੀਤ ਸਿੰਘ ਰਿਸ਼ੀ ਨੇ ਨਾਲ ਦੇ ਨਾਲ ਹੀ ਕੌਂਸਲ ਵੱਲੋਂ ਕੀਤੇ ਗਏ ਉਪਰਾਲੇ ਅਤੇ ਸਰਕਾਰ ਵੱਲੋਂ ਦਿੱਤੀ ਜਾਣ ਵਾਲੀਆਂ ਸਹੂਲਤਾਂ, ਆਰ.ਐਨ.ਆਈ. ਦੀਆਂ ਗਾਈਡਲਾਈਨਾਂ ਬਾਰੇ ਵੀ ਦੱਸਿਆ ਗਿਆ।
ਆਪਣੇ ਵਿਚਾਰ ਪੇਸ਼ ਕਰਦੇ ਹੋਏ ਪ੍ਰਧਾਨ ਬੇਅੰਤ ਸਿੰਘ ਸਰਹੱਦੀ
ਸਲਾਨਾ ਕਾਨਫਰੰਸ ਦੌਰਾਨ ਹਾਜਰ ਵੱਕ-ਵੱਖ ਸਮਾਚਾਰ ਪੱਤਰਾਂ ਦੇ ਮਾਲਕ ਅਤੇ ਸੰਪਾਦਕ
ਵਿਚਾਰ ਪੇਸ਼ ਕਰਦੇ ਹੋਏ ਕਸ਼ਯਪ ਕ੍ਰਾਂਤੀ ਦੇ ਪ੍ਰਮੁੱਖ ਨਰਿੰਦਰ ਕਸ਼ਯਪ
ਅਗਲੇ ਸੈਸ਼ਨ ਦੌਰਾਨ ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਲੈਫ਼ਟੀਨੈਂਟ ਗਵਰਨਰ ਡਾ. ਇਕਬਾਲ ਸਿੰਘ ਅਤੇ ਪੰਜਾਬ ਪ੍ਰੈਸ ਕਲੱਬ ਦੇ ਨਵੇਂ ਚੁਣੇ ਗਏ ਪ੍ਰਧਾਨ ਸਤਨਾਮ ਸਿੰਘ ਮਾਣਕ ਵੀ ਪਹੁੰਚ ਗਏ। ਕੌਂਸਲ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ। ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਸ਼੍ਰੀ ਸਤਨਾਮ ਸਿੰਘ ਮਾਣਕ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਉਹ ਪ੍ਰੈਸ ਕਲੱਬ ਵੱਲੋਂ ਛੋਟੇ ਸਮਾਚਾਰ ਪੱਤਰਾਂ ਦੀਆਂ ਮੁਸ਼ਕਲਾਂ ਨੂੰ ਸਰਕਾਰ ਤੱਕ ਪਹੁੰਚਾਣਗੇ। ਕਲੱਬ ਵੱਲੋਂ ਛੋਟੇ ਸਮਾਚਾਰ ਪੱਤਰਾਂ ਦੇ ਮਾਲਕਾਂ ਅਤੇ ਸੰਪਾਦਕਾਂ ਨੂੰ ਵੀ ਕਲੱਬ ਦਾ ਮੈਂਬਰ ਬਣਾਇਆ ਜਾਏਗਾ ਅਤੇ ਉਹਨਾਂ ਨੂੰ ਇਥੇ ਹੋਣ ਵਾਲੀਆਂ ਪ੍ਰੈਸ ਕਾਨਫਰੰਸਾਂ ਵਿਚ ਸ਼ਾਮਲ ਹੋਣ ਲਈ ਕਿਹਾ ਜਾਏਗਾ। ਉਹਨਾਂ ਕਿਹਾ ਕਿ ਛੋਟੇ ਸਮਾਚਾਰ ਪੱਤਰਾਂ ਨੂੰ ਵੀ ਆਪਣੀ ਪਹਿਚਾਣ ਬਨਾਉਣੀ ਚਾਹੀਦੀ ਹੈ ਅਤੇ ਪੇਪਰ ਨੂੰ ਰੈਗੁਲਰ ਤੌਰ ਤੇ ਛਾਪਣਾ ਚਾਹੀਦਾ ਹੈ। ਡਾ. ਇਕਬਾਲ ਸਿੰਘ ਨੇ ਵੀ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਵੱਡੇ ਸਮਾਚਾਰ ਪੱਤਰਾਂ ਵਿਚ ਤਾਂ ਵੱਡੀਆਂ ਖਬਰਾਂ ਛਪਦੀਆਂ ਹਨ, ਪਰ ਆਪਣੇ ਇਲਾਕੇ ਦੀਆਂ ਛੋਟੀਆਂ ਖਬਰਾਂ ਆਮ ਤੌਰ ਤੇ ਛੋਟੇ ਸਮਾਚਾਰ ਪੱਤਰ ਹੀ ਛਾਪਦੇ ਹਨ। ਇਹਨਾਂ ਦਾ ਸਫਰ ਸੰਘਰਸ਼ਮਈ ਹੁੰਦਾ ਹੈ ਅਤੇ ਇਹ ਆਪਣੇ ਦਮ ਤੇ ਹੀ ਸਮਾਜ ਵਿਚ ਬਦਲਾਵ ਲਿਆਉਂਦੇ ਹਨ। ਉਹਨਾਂ ਛੋਟੇ ਸਮਾਚਾਰ ਪੱਤਰਾਂ ਦੀਆਂ ਔਕੜਾਂ ਨੂੰ ਸਰਕਾਰ ਤੱਕ ਪਹੁੰਚਾਣ ਦਾ ਭਰੋਸਾ ਦਿਵਾਇਆ। ਉਹਨਾਂ ਸਤਨਾਮ ਸਿੰਘ ਮਾਣਕ ਨੂੰ ਪੰਜਾਬ ਪ੍ਰੈਸ ਕਲੱਬ ਦਾ ਪ੍ਰਧਾਨ ਬਣਨ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਇਹਨਾਂ ਨੇ ਹਮੇਸ਼ਾ ਹੀ ਸੱਚੀ ਅਤੇ ਇਮਾਨਦਾਰੀ ਵਾਲੀ ਪੱਤਰਕਾਰੀ ਕੀਤੀ ਹੈ। ਕੌਂਸਲ ਵੱਲੋਂ ਇਹਨਾਂ ਦੋਵਾਂ ਮਹਿਮਾਨਾਂ ਨੂੰ ਉਚੇਚੇ ਤੌਰ ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸਮਾਲ ਨਿਊਜ਼ ਪੇਪਰਜ਼ ਕੌਂਸਲ (ਰਜਿ.) ਵੱਲੋਂ ਡਾ. ਇਕਬਾਲ ਸਿੰਘ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ। ਕੌਂਸਲ ਵੱਲੋਂ ਮੰਗ ਪੱਤਰ ਵਿੱਚ ਹੇਠ ਲਿਖੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਕਿਹਾ।
ਮੁੱਖ ਮਹਿਮਾਨਾਂ ਨੂੰ ਮਾਣ ਪੱਤਰ ਦਿੰਦੇ ਹੋਏ ਕੌਂਸਲ ਦੇ ਮੈਂਬਰ
ਸਮਾਲ ਨਿਊਜ਼ ਪੇਪਰਜ਼ ਕੌਂਸਲ ਦਾ ਮੰਗ ਪੱਤਰ
1. ਕੇਂਦਰ ਅਤੇ ਸੂਬਾ ਸਰਕਾਰਾਂ ਸਰਕਾਰੀ ਇਸ਼ਤਿਹਾਰ ਜਾਰੀ ਕਰਨ ਵਿਚ ਛੋਟੇ ਪਰਚਿਆਂ ਨੂੰ ਤਰਜੀਹ ਦੇਣ ਤਾਂ ਕਿ ਇਹ ਪਰਚੇ ਆਰਥਿਕ ਮੰਦਹਾਲੀ ਵਿਚੋਂ ਬਾਹਰ ਨਿਕਲ ਸਕਣ।
2. ਛੋਟੇ ਅਖਬਾਰਾਂ ਨੂੰ ਇਕ ਥਾਂ ਤੋਂ ਦੂਜੇ ਥਾਂ ਭੇਜਣ ਲਈ ਡਾਕ ਵਿਭਾਗ/ਆਰ.ਐਮ.ਐਸ. ਦੀਆਂ ਸੇਵਾਵਾਂ ਲਈਆਂ ਜਾਂਦੀਆਂ ਹਨ। ਪ੍ਰਤੀ ਪਰਚਾ 25 ਪੈਸੇ ਦੀ ਟਿਕਟ ਨਾਲ ਪੂਰੇ ਭਾਰਤ ਵਿਚ ਭੇਜਿਆ ਜਾ ਸਕਦਾ ਹੈ, ਪਰ ਹੁਣ ਡਾਕ ਵਿਭਾਗ ਵੱਲੋਂ ਸਰਵਿਸ ਚਾਰਜ ਦੇ ਨਾਂਅ ’ਤੇ ਅਲੱਗ 30 ਪੈਸੇ ਪ੍ਰਤੀ ਪਰਚਾ ‘ਜਜ਼ੀਆ’ ਲਿਆ ਜਾ ਰਿਹਾ ਹੈ।
3. ਸਰਕਾਰ ਅਜਿਹੀ ਮੀਡੀਆ ਪਾਲਿਸੀ ਬਣਾਵੇ ਜਿਸ ਰਾਹੀਂ ਛੋਟੇ ਅਖਬਾਰਾਂ ਦੀਆਂ ਮੁਸ਼ਕਲਾਂ ਹੱਲ ਹੋ ਸਕਣ।
4. ਐਕਰੀਡੇਸ਼ਨ ਕਮੇਟੀ ਵਿਚ ਛੋਟੇ ਪਰਚਿਆਂ ਦੇ ਪ੍ਰਤੀਨਿਧੀਆਂ ਨੂੰ ਵੀ ਸ਼ਾਮਲ ਕੀਤਾ ਜਾਵੇ।
5. ਜਿਲਾ ਪੱਧਰ/ਸਬ ਡਵੀਜ਼ਨ ਪੱਧਰ ’ਤੇ ਬਣਨ ਵਾਲੀਆਂ ਅਮਨ ਕਮੇਟੀਆਂ/ਸਲਾਹਕਾਰ ਕਮੇਟੀਆਂ ਅਤੇ ਹੋਰ ਸਥਾਨਕ ਕਮੇਟੀਆਂ ਵਿਚ ਛੋਟੇ ਅਖਬਾਰਾਂ ਦੇ ਸੰਪਾਦਕ ਵੀ ਮੈਂਬਰ ਨਿਯੁਕਤ ਕੀਤੇ ਜਾਣ।
6. ਹਰੇਕ ਸੰਪਾਦਕ ਦਾ ਬੀਮਾ ਸਰਕਾਰ ਮੁਫਤ ਕਰੇ ਤੇ ਸੀਨੀਅਰ ਸਿਟੀਜ਼ਨ ਅਖਬਾਰ ਨਵੀਸਾਂ ਨੂੰ ਮਾਸਿਕ ਪੈਨਸ਼ਨ ਵੀ ਲਗਾਈ ਜਾਵੇ।
7. ਥਾਂ ਪੁਰ ਥਾਂ ਸੜਕਾਂ ਉਪਰ ਲਿਆ ਜਾਂਦਾ ਟੋਲ ਟੈਕਸ ਸੰਪਾਦਕਾਂ ਦੀ ਨਿਜੀ ਗੱਡੀ ਲਈ ਮੁਆਫ ਕੀਤਾ ਜਾਵੇ।
ਅੱਜ ਦੀ ਸਲਾਨਾ ਕਾਨਫਰੰਸ ਦੌਰਾਨ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਓਮ ਪ੍ਰਕਾਸ਼ ਖੇਮਕਰਨੀ ਤੋਂ ਅਲਾਵਾ ਸਮਾਚਾਰ ਪੱਤਰਾਂ ਦੇ ਨੁਮਾਇੰਦੇ ਸ਼ਾਮਲ ਹੋਵੇ ਜਿਹਨਾਂ ਵਿਚ ਕਸ਼ਯਪ ਕ੍ਰਾਂਤੀ ਦੇ ਮੁੱਖ ਸੰਪਾਦਕ ਸ਼੍ਰੀਮਤੀ ਮੀਨਾਕਸ਼ੀ ਕਸ਼ਯਪ, ਜਗਰਾਉਂ ਤੋਂ ਸਿਮਰਨ ਕੌਰ, ਰਵਿੰਦਰ ਸਿੰਘ, ਸੁਖਜਿੰਦਰ ਮਸੀਹ, ਸਲਿੰਦਰ ਮਸੀਹ, ਜਸਵੰਤ ਸਿੰਘ, ਲਹਿੰਬਰ ਸਿੰਘ, ਗੁਰਬਚਨ ਸਿੰਘ, ਰਜਿੰਦਰ ਕੌਰ, ਪਰਮਿੰਦਰ ਕੌਰ, ਇੰਦਰਪਾਲ ਸਿੰਘ, ਹਰਨਾਮ ਦਾਸ ਮਹੇ ਆਦਿ ਹਾਜਰ ਸਨ। ਕਾਨਫਰੰਸ ਤੋਂ ਬਾਅਦ ਸਾਰੇ ਮੈਂਬਰਾਂ ਨੇ ਇਕੱਠੇ ਹੀ ਖਾਣੇ ਦਾ ਅਨੰਦ ਮਾਣਿਆ ਅਤੇ ਖੁਸ਼ੀ ਦੇ ਮਾਹੌਲ ਵਿਚ ਕਾਨਫਰੰਸ ਪੂਰੀ ਹੋਈ।