Sri Amarnath Yatra & Kashmir Valley Tour 2015
Narendera Kashyap - Meenakshi Kashyap
ਸ਼੍ਰੀ ਅਮਰਨਾਥ ਬਾਬਾ ਬਰਫਾਨੀ 2015 ਦੇ ਦਰਸ਼ਨ ਅਤੇ ਸਾਡੀ ਗਰੁੱਪ ਕਸ਼ਮੀਰ ਯਾਤਰਾ
- ਨਰਿੰਦਰ ਕਸ਼ਯਪ
Day -1, Journey From Jalandhar to Udhampur
12 ਜੁਲਾਈ 2015 (ਯਾਤਰਾ ਦਾ ਪਹਿਲਾ ਦਿਨ )- ਪਿਛਲੇ ਕਈ ਸਾਲਾਂ ਤੋਂ ਦਿਲੀ ਤਮੰਨਾ ਸੀ ਕਿ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਕਰਕੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ ਜਾਣ ਅਤੇ ਕਸ਼ਮੀਰ ਦੀਆਂ ਹਸੀਨ ਵਾਦੀਆਂ ਦੀ ਖੂਬਸੂਰਤੀ ਦੇਖੀ ਜਾਵੇ। ਪਰ ਉਥੋਂ ਦੇ ਹਲਾਤਾਂ ਬਾਰੇ ਸੁਣ ਕੇ ਹਰ ਵਾਰ ਪ੍ਰੋਗਰਾਮ ਕੈਂਸਲ ਕਰ ਦਿੰਦੇ ਸੀ ਕਿ ਜਦੋਂ ਹਲਾਤ ਠੀਕ ਹੋਣਗੇ ਤਾਂ ਜਰੂਰ ਜਾਵਾਂਗੇ। ਕਸ਼ਯਪ ਕ੍ਰਾਂਤੀ ਮੈਗਜ਼ੀਨ ਦੇ ਬਹੁਤ ਹੀ ਵਧੀਆ ਅਤੇ ਸਹਿਯੋਗੀ ਸਾਥੀ ਸ਼੍ਰੀ ਭਾਰਤ ਭੂਸ਼ਣ ਭਾਰਤੀ ਜੀ ਹਰ ਸਾਲ ਇਸ ਯਾਤਰਾ ’ਤੇ ਜਾਂਦੇ ਹਨ। ਉਹਨਾਂ ਦੀ ਸੰਸਥਾ ਭੋਲੇ ਭੰਡਾਰੀ ਚੈਰੀਟੇਬਲ ਟਰੱਸਟ (ਰਜਿ.) ਲੁਧਿਆਣਾ ਵੱਲੋਂ ਹਰ ਸਾਲ ਉਥੇ ਲੰਗਰ ਲਗਾਇਆ ਜਾਂਦਾ ਹੈ ਅਤੇ ਸ਼੍ਰੀ ਭਾਰਤੀ ਜੀ ਹਰ ਸਾਲ ਯਾਤਰਾ ਸ਼ੁਰੂ ਹੋਣ ਤੋਂ 15 ਕੁ ਦਿਨ ਪਹਿਲਾਂ ਜਾ ਕੇ ਉਥੇ ਸਾਰੇ ਇੰਤਜਾਮ ਕਰਵਾਉਂਦੇ ਹਨ। ਇਸਦੇ ਨਾਲ ਹੀ ਉਹ ਭੋਲੇ ਸ਼ੰਕਰ ਜੀ ਦੇ ਦਰਸ਼ਨ ਵੀ ਕਰਦੇ ਹਨ। ਭੰਡਾਰੇ ਦੀ ਸਮਾਪਤੀ ਸਮੇਂ ਵੀ ਉਹ ਭੋਲੇ ਭੰਡਾਰੀ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਹਾਸਲ ਕਰਦੇ ਹਨ। ਉਹਨਾਂ ਕਈ ਵਾਰ ਆਪਣੇ ਨਾਲ ਜਾਣ ਨੂੰ ਕਿਹਾ ਹੈ, ਪਰ ਜਾਣ ਦਾ ਸੰਜੋਗ ਕਦੇ ਵੀ ਨਹੀਂ ਬਣਿਆ। ਇਸ ਵਾਰ ਵੀ ਭਾਰਤ ਭੂਸ਼ਣ ਭਾਰਤੀ ਜੀ 20 ਜੂਨ 2015 ਨੂੰ ਬਾਲਟਾਲ ਲੰਗਰ ਦਾ ਸਮਾਨ ਲੈ ਕੇ ਗਏ ਅਤੇ 2-7-2015 ਨੂੰ ਸਾਰਾ ਇੰਤਜਾਮ ਕਰਵਾ ਕੇ ਅਤੇ ਭੋਲੇ ਸ਼ੰਕਰ ਦੇ ਦਰਸ਼ਨ ਕਰਕੇ ਵਾਪਸ ਆ ਗਏ। ਉਹਨਾਂ ਨੇ ਹਿੰਮਤ ਅਤੇ ਹੌਸਲਾ ਦਿੱਤਾ ਕਿ ਤੁਸੀਂ ਜਰੂਰ ਜਾਓ, ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋਵੇੇਗੀ। ਸਾਡੇ ਕਸ਼ਯਪ ਕ੍ਰਾਂਤੀ ਮੈਗਜ਼ੀਨ ਦੇ ਸਹਿਯੋਗੀ ਅਤੇ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਦੇ ਮੋਢੀ ਸਾਥੀ ਸ਼੍ਰੀ ਸੁਸ਼ੀਲ ਕਸ਼ਯਪ ਜੀ ਵੀ ਪਿਛਲੇ 20 ਸਾਲਾਂ ’ਚ 15 ਕੁ ਵਾਰ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਕਰ ਚੁੱਕੇ ਹਨ ਅਤੇ ਸ਼੍ਰੀਨਗਰ ਦੀ ਸੁੰਦਰਤਾ ਦਾ ਅਨੰਦ ਮਾਣ ਚੁੱਕੇ ਹਨ, ਨੇ ਵੀ ਕਈ ਵਾਰ ਨਾਲ ਚੱਲਣ ਨੂੰ ਕਿਹਾ ਹੈ, ਪਰ ਕਦੇ ਜਾਣ ਦੀ ਹਿੰਮਤ ਨਹੀਂ ਹੋਈ ਅਤੇ ਨਾ ਕੋਈ ਜਾਣ ਦਾ ਸੰਜੋਗ ਬਣਿਆ।
ਇਸ ਵਾਰ ਸਾਥੀਆਂ ਦੀ ਹਿੰਮਤ, ਹੌਸਲੇ ਅਤੇ ਸਾਥ ਕਾਰਣ ਜਾਣ ਦਾ ਪ੍ਰੋਗਰਾਮ ਬਣ ਗਿਆ। ਲੁਧਿਆਣਾ ਤੋਂ ਕਸਯਪ ਕ੍ਰਾਂਤੀ ਦੇ ਸਹਿਯੋਗੀ ਸਾਥੀ ਸ਼੍ਰੀ ਰਾਕੇਸ਼ ਕੁਮਾਰ ਮਾਲੜਾ (ਰਾਕੇਸ਼ ਫਾਉਂਡਰੀ ਵਰਕਸ) ਦੀ ਅਗਵਾਈ ਅਤੇ ਸਾਥ ਨਾਲ ਅਮਰਨਾਥ ਯਾਤਰਾ ਤੇ ਜਾਣ ਦਾ ਫੈਸਲਾ ਹੋਇਆ। ਯਾਤਰਾ ਤੇ ਜਾਣ ਵਾਸਤੇ ਸਿਵਲ ਹਸਪਤਾਲ ਜਲੰਧਰ ਤੋਂ ਮੈਡੀਕਲ ਕਰਵਾ ਕੇ ਪੰਜਾਬ ਨੈਸ਼ਨਲ ਬੈਂਕ, ਮੇਨ ਬ੍ਰਾਂਚ ਜਲੰਧਰ ਤੋਂ ਯਾਤਰਾ ਦੀ ਰਜਸਿਟ੍ਰੇਸ਼ਨ ਕਰਵਾ ਲਈ। ਅਮਰਨਾਥ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਮੈਡੀਕਲ ਕਰਵਾਉਣ ਤੋਂ ਬਾਅਦ ਬੈਂਕ ਤੋਂ ਯਾਤਰਾ ਲਈ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਹੈ। ਯਾਤਰਾ ਬਾਲਟਾਲ ਅਤੇ ਪਹਿਲਗਾਮ ਵਾਲੇ ਦੋ ਰੂਟਾਂ ਤੋਂ ਹੁੰਦੀ ਹੈ। ਸਾਡੇ ਗਰੁੱਪ ਵਾਲੇ ਮੈਂਬਰਾਂ ਨੇ ਬਾਲਟਾਲ ਰੂਟ ਤੋਂ ਜਾਣਾ ਸੀ, ਇਸ ਕਰਕੇ ਅਸੀਂ ਬਾਲਟਾਲ ਵਾਲੀ ਰਜਿਸਟ੍ਰੇਸ਼ਨ ਕਰਵਾ ਲਈ। ਸਾਡੇ ਨਾਲ ਹੀ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਦੇ ਲਾਈਫ ਟਾਈਮ ਮੈਂਬਰ ਸ਼੍ਰੀ ਸੁਭਾਸ਼ ਚੰਦਰ ਜਗਰਾਉਂ ਵਾਲੇ ਪਰਿਵਾਰ ਸਮੇਤ ਜਾ ਰਹੇ ਸਨ। ਇਸ ਇਕ ਦੂਜੇ ਦੇ ਸਾਥ ਅਤੇ ਹੌਸਲੇ ਕਾਰਣ ਸਾਰਿਆਂ ਦੇ ਮਨ ਵਿਚ ਡਰ ਘੱਟ ਅਤੇ ਉਤਸ਼ਾਹ ਜਿਆਦਾ ਸੀ। ਲੁਧਿਆਣਾ ਤੋਂ ਹੋਰ ਵੀ ਕਈ ਪਰਿਵਾਰ ਜਾ ਰਹੇ ਸਨ। ਸਾਡੇ ਕੋਲ ਬੇਸ਼ੱਕ ਯਾਤਰਾ ਦਾ ਪਰਮਿਟ 10 ਜੁਲਾਈ ਦਾ ਸੀ, ਪਰ ਬਾਕੀ ਮੈਂਬਰਾਂ ਨੂੰ ਪਰਮਿਟ 14 ਜੁਲਾਈ ਦਾ ਮਿਲਿਆ। ਸਾਡੇ ਇਕ ਹੋਰ ਸਾਥੀ ਜਲੰਧਰ ਤੋਂ ਏ.ਐਨ. ਸ਼ਟਰਿੰਗ ਵਾਲੇ ਮੁਨੀਸ਼ ਕੁਮਾਰ ਹੈਪੀ ਜੀ ਵੀ ਯਾਤਾਰ ’ਤੇ ਜਾ ਚੁੱਕੇ ਸੀ। ਉਹਨਾਂ ਨੇ ਵੀ ਸਾਨੂੰ ਆਪਣੇ ਨਾਲ ਚੁੱਲਣ ਲਈ ਕਿਹਾ, ਪਰ ਅਸੀਂ ਰਾਕੇਸ਼ ਮਾਲੜਾ ਅਤੇ ਸੁਭਾਸ਼ ਚੰਦਰ ਜ ਨਾਲ ਪ੍ਰੋਗਰਾਮ ਬਣਾ ਚੁੱਕੇ ਸੀ। ਹੈਪੀ ਜੀ ਲਗਾਤਾਰ ਸਾਡੇ ਨਾਲ ਵਾਟਸ ਐਪ ਅਤੇ ਮੋਬਾਈਲ ਫੋਨ ਉਪਰ ਜੁੜੇ ਰਹੇ ਅਤੇ ਉਥੇ ਦੀ ਸਾਰੀ ਜਾਣਕਾਰੀ ਦਿੰਦੇ ਰਹੇ। ਉਹ ਪਹਿਲਗਾਮ ਵਾਲੇ ਰਾਸਤੇ ਵੱਲ ਦੀ ਯਾਤਰਾ ਕਰ ਰਹੇ ਸੀ ਜਦਕਿ ਸਾਡੀ ਯਾਤਰਾ ਬਾਲਟਾਲ ਵਾਲੇ ਰੂਟ ਵੱਲੋਂ ਹੋਣੀ ਸੀ। ਹੈਪੀ ਜੀ ਨੇ ਸਾਨੂੰ ਸ਼੍ਰੀਨਗਰ ਅਤੇ ਆਸ-ਪਾਸ ਵੇਖੀਆਂ ਹੋਈਆਂ ਮਨਮੋਹਕ ਥਾਵਾਂ ਦੇਖਣ ਲਈ ਕਿਹਾ ਅਤੇ ਆਪਣੀ ਇਸ ਸਾਲ ਦੀ ਯਾਤਰਾ ਦੀਆਂ ਫੋਟੋਆਂ ਵੀ ਲਗਾਤਾਰ ਵਾਟਸ ਐਪ ’ਤੇ ਭੇਜਦੇ ਰਹੇ। ਇਹਨਾਂ ਨੂੰ ਦੇਖ ਕੇ ਦਿਲ ’ਚ ਫਟਾਫਟ ਯਾਤਰਾ ਤੇ ਜਾਣ ਦੀ ਉਤਸੁਕਤਾ ਪੈਦਾ ਹੋ ਰਹੀ ਸੀ।
12 ਜੁਲਾਈ 2015 ਨੂੰ ਸਵੇਰੇ ਜਾਣ ਦਾ ਫੈਸਲਾ ਹੋਇਆ। ਪਠਾਨਕੋਟ ਬਾਈਪਾਸ ਜਲੰਧਰ ਸ਼ਹਿਰ ਵਿਖੇ ਅਸੀਂ ਸਵੇਰੇ 6 ਵਜੇ ਇਕੱਠੇ ਹੋਣ ਦਾ ਟਾਈਮ ਫਿਕਸ ਕੀਤਾ। ਲੁਧਿਆਣਾ ਤੋਂ ਰਾਕੇਸ਼ ਮਾਲੜਾ ਜੀ ਅਤੇ ਉਹਨਾਂ ਦੇ ਦੋਸਤ ਪੰਕਜ ਕੁਮਾਰ ਸੀ ਅਤੇ ਇਕ ਇਨੋਵਾ ਗੱਡੀ ’ਚ ਸ਼੍ਰੀ ਸੰਦੀਪ ਗਰਗ ਅਤੇ ਉਹਨਾਂ ਦੀ ਪਤਨੀ ਸ਼੍ਰੀਮਤੀ ਰੇਣੂ, ਸੁਸ਼ੀਲ ਜਿੰਦਲ, ਉਹਨਾਂ ਦੀ ਬੇਟੀ ਗੁੰਜਨ ਅਤੇ ਭਰਾ ਪ੍ਰਵੀਨ ਜਿੰਦਲ ਸਨ। ਜਗਰਾਉਂ ਤੋਂ ਸ਼੍ਰੀ ਸੁਭਾਸ਼ ਚੰਦਰ ਆਪਣੀ ਪਤਨੀ ਸ਼੍ਰੀਮਤੀ ਅਨੀਤਾ ਰਾਣੀ, ਬੇਟੀ ਰੋਜ਼ੀ ਅਤੇ ਦਾਮਾਦ ਰਮਨ ਕੁਮਾਰ, ਭਤੀਜਾ ਰਮਨ ਅਤੇ ਉਹਨਾਂ ਦੇ ਮਾਤਾ ਸ਼੍ਰੀਮਤੀ ਕਮਲਜੀਤ ਕੌਰ, ਭਤੀਜੀ ਰਚਨਾ ਅਤੇ ਉਹਨਾਂ ਦੇ ਮਾਤਾ ਸ਼੍ਰੀਮਤੀ ਨੀਰੂ ਰਾਣੀ, ਭੈਣ ਊਸ਼ਾ ਅਤੇ ਭਾਣਜੇ ਅੰਮਿਤ ਦੇ ਨਾਲ ਇਨੋਵਾ ਅਤੇ ਵਰਨਾ ਗੱਡੀ ਵਿਚ ਸੀ। ਮੈਂ (ਨਰਿੰਦਰ ਕਸ਼ਯਪ) ਆਪਣੀ ਜੀਵਨਸਾਥੀ ਸ਼੍ਰੀਮਤੀ ਮੀਨਾਕਸ਼ੀ ਕਸ਼ਯਪ ਦੇ ਨਾਲ ਆਪਣੀ ਇੰਡੀਕਾ ਕਾਰ 3100 ਨੰਬਰ ਵਿਚ ਦੋ ਮੈਂਬਰ ਹੀ ਸੀ। ਜਾਣ ਤੋਂ ਪਹਿਲਾਂ ਅਸੀਂ ਫੇਸਬੁੱਕ ਅਤੇ ਵਾਟਸ ਐਪ ਤੇ ਆਪਣੇ ਦੋਸਤਾਂ ਨੂੰ ਨਾਲ ਜਾਣ ਲਈ ਪੁੱਛਿਆ ਸੀ, ਪਰ ਕੋਈ ਵੀ ਤਿਆਰ ਨਹੀਂ ਹੋਇਆ ਅਤੇ ਅਸੀਂ ਸਿਰਫ ਦੋ ਮੈਂਬਰ ਹੀ ਰਹਿ ਗਏ। ਸਵੇਰੇ 7.30 ਵਜੇ ਦੇ ਕਰੀਬ ਸਾਰੇ ਇਕੱਠੇ ਹੋਏ ਅਤੇ ਸਾਡੀ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਜੈ ਭੋਲੇ ਸੰਕਰ, ਹਰ-ਹਰ ਮਹਾਦੇਵ ਦੇ ਜੈਕਾਰਿਆਂ ਨਾਲ ਸ਼ੁਰੂ ਹੋ ਗਈ। ਸਾਡੇ ਇਸ 5 ਗੱਡੀਆਂ ਦੇ ਗਰੁੱਪ ਦੇ ਕਮਾਂਡਰ ਸ਼੍ਰੀ ਰਾਕੇਸ਼ ਕੁਮਾਰ ਮਾਲੜਾ ਅਤੇ ਪੰਕਜ ਕੁਮਾਰ ਸੀ। ਜੁਗਿਆਲ ਤੋਂ ਸਾਡੇ ਨਾਲ ਇਕ ਹੋਰ ਸਾਥੀ ਸ਼੍ਰੀ ਅੰਕੁਸ਼ ਕੁਮਾਰ ਜੀ ਵੀ ਰਾਕੇਸ਼ ਕੁਮਾਰ ਦੀ ਗੱਡੀ ਵਿਚ ਸ਼ਾਮਲ ਹੋਏ।
10 ਵਜੇ ਦੇ ਕਰੀਬ ਅਸੀਂ ਲਖਨਪੁਰ ਬੈਰੀਅਰ ’ਤੇ ਸਾਰੇ ਇਕੱਠੇ ਹੋਏ। ਇਥੇ ਸ਼੍ਰੀ ਅਮਰਨਾਥ ਦੀ ਯਾਤਰਾ ’ਤੇ ਜਾਣ ਵਾਲੇ ਯਾਤਰੀਆਂ ਦੀਆਂ ਗੱਡੀਆਂ ਦੇ ਕਾਗਜ਼ਾਤ ਚੈਕ ਕੀਤੇ ਜਾ ਰਹੇ ਸੀ ਅਤੇ ਉਹਨਾਂ ਨੂੰ ਵੰਨ ਟਾਈਮ ਡਾਕੂਮੈਂਟ ਚੈਕ ਦਾ ਸਟਿਕਰ ਜਾਰੀ ਕੀਤਾ ਜਾ ਰਿਹਾ ਸੀ ਜੋ ਉਹਨਾਂ ਦੀ ਕਾਰ ਦੇ ਅਗਲੇ ਸ਼ੀਸ਼ੇ ਉਤੇ ਲਗਾਇਆ ਜਾ ਰਿਹਾ ਸੀ ਤਾਂ ਜੋ ਉਹਨਾਂ ਨੂੰ ਕਾਗਜ਼ਾਤ ਚੈਕ ਕਰਵਾਉਣ ਲਈ ਵਾਰ-ਵਾਰ ਰੋਕਿਆ ਨਾ ਜਾਵੇ। ਸਾਡੀਆਂ ਸਾਰੀਆਂ ਗੱਡੀਆਂ ਦੇ ਕਾਗਜ਼ਾਤ ਚੈਕ ਕਰਵਾ ਕੇ ਗੱਡੀਆਂ ਉਪਰ ਸਟਿਕਰ ਲਗਾ ਦਿੱਤੇ ਗਏ। ਇਥੇ ਸਾਰਿਆਂ ਨੇ ਲਖਨਪੁਰ ਦੇ ਮਸ਼ਹੂਰ ਮੂੰਗੀ ਦਾਲ ਦੇ ਲੱਡੂਆਂ ਦਾ ਸਵਾਦ ਮਾਣਿਆ। ਕਈਆਂ ਨੇ ਦੋ-ਦੋ ਡੂਨੇ ਵੀ ਖਾਧੇ। ਜੰਮੂ ਦੇ ਖੇਤਰ ਵਿਚ ਦਾਖਲ ਹੁੰਦੇ ਹੀ ਪੰਜਾਬ ਦੇ ਸਾਰੇ ਪ੍ਰੀ ਪੇਡ ਮੋਬਾਈਲ ਬੰਦ ਹੋ ਜਾਂਦੇ ਹਨ ਅਤੇ ਸਿਰਫ ਬਿਲ ਵਾਲੇ ਸਿਮ ਵੀ ਚੱਲਦੇ ਹਨ। ਇਥੇ ਹੀ ਸਾਡੇ ਸਾਥੀ ਸ਼੍ਰੀ ਸੁਸ਼ੀਲ ਕਸ਼ਯਪ ਜੀ ਦਾ ਫੋਨ ਮੈਨੂੰ ਆ ਗਿਆ ਕਿ ਕਿੱਥੇ ਤੱਕ ਪਹੁੰਚੇ ਹੋ? ਉਹਨਾਂ ਸਾਨੂੰ ਲਖਨਪੁਰ ਤੋਂ 15 ਕਿ.ਮੀ. ਅੱਗੇ ਇਕ ਰਾਸਤੇ ਬਾਰੇ ਦੱਸਿਆ ਜੋ ਸਿੱਧਾ ਊਧਮਪੁਰ ਜਾ ਕੇ ਨਿਕਲਦਾ ਸੀ, ਪਰ ਸਾਡੀਆਂ ਗੱਡੀਆਂ ਅੱਗੇ-ਪਿੱਛੇ ਹੋਣ ਕਰਕੇ ਅਸੀਂ ਉਹ ਰਾਸਤਾ ਬਹੁਤ ਪਿੱਛੇ ਛੱਡ ਆਏ ਸੀ। ਇਸ ਤੋਂ ਬਾਅਦ ਜੰਮੂ ਤੋਂ ਪਹਿਲਾਂ ਧਾਰ ਰੋਡ ਦਾ ਇਕ ਹੋਰ ਰਾਸਤਾ ਨਿਕਲਦਾ ਹੈ, ਪਰ ਉਥੇ ਗੱਡੀਆਂ ਜਾਣ ਨਹੀਂ ਦੇ ਰਹੇ ਸੀ ਅਤੇ ਇਹ ਵੀ ਪਤਾ ਲੱਗਾ ਕਿ ਉਹ ਸੜਕ ਖਰਾਬ ਹੈ। ਇਸ ਕਰਕੇ ਅਸੀਂ ਜੰਮੂ-ਊਧਮਪੁਰ ਬਾਈਪਾਸ ਤੋਂ ਊਧਮਪੁਰ ਵਾਲੀ ਸੜਕ ਤੇ ਮੁੜ ਗਏ। ਬਾਈਪਾਸ ਤੋਂ 10 ਕਿਲੋਮੀਟਰ ਅੱਗੇ ਜਾ ਕੇ ਜਿੱਥੇ ਜੰਮੂ ਸ਼ਹਿਰ ਅਤੇ ਊਧਮਪੁਰ ਤੋਂ ਆਉਣ ਵਾਲਾ ਟ੍ਰੈਫਿਕ ਮਿਲਦਾ ਹੈ, ਇਥੇ ਬਹੁਤ ਜਿਆਦਾ ਗੱਡੀਆਂ ਦਾ ਜਾਮ ਲੱਗਾ ਹੋਇਆ ਸੀ। ਤਵੀ ਨਦੀ ਦੇ ਨਾਲ ਨਾਲ ਚੱਲਦੇ ਹੋਏ ਗੱਡੀਆਂ ਜੂੰ ਦੀ ਚਾਲ ਨਾਲ ਸਰਕ ਰਹੀਆਂ ਸਨ। ਕਈ ਲੋਕਾਂ ਨੇ ਆਪਣੀਆਂ ਗੱਡੀਆਂ ਵਾਪਸ ਮੋੜ ਕੇ ਊਧਮਪੁਰ ਤੋਂ ਆਉਣ ਵਾਲੇ ਰਾਸਤੇ ’ਤੇ ਰਾਂਗ ਸਾਈਡ ਪਾ ਲਈਆਂ। ਅਸੀਂ ਵੀ ਗਲਤੀ ਕਰਦੇ ਹੋਏ ਉਸੇ ਸਾਈਡ ਤੇ ਆਪਣੀਆਂ ਗੱਡੀਆਂ ਮੋੜ ਲਈਆਂ। ਕਰੀਬ ਦੋ ਘੰਟੇ ਅਸੀਂ ਜਾਮ ਵਿਚ ਫੰਸੇ ਰਹੇ। ਇਸੇ ਦੌਰਾਨ ਸਾਡੇ ਕਈ ਸਾਥੀਆਂ ਨੇ ਆਪਣੇ ਨਾਲ ਲਿਆਂਦੇ ਹੋਏ ਖਾਣੇ ਦੇ ਨਾਲ ਪੇਟ ਪੂਜਾ ਕੀਤੀ। ਇਥੇ ਹੀ ਸਾਡੀ ਮੁਲਾਕਾਤ ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਤੋਂ ਆਈ ਹੋਈ ਬੱਸ ਦੇ ਯਾਤਰੀਆਂ ਨਾਲ ਹੋਈ ਜ ਕਿ ਆਪਣਾ ਲੰਗਰ ਦਾ ਸਮਾਨ ਅਤੇ ਹਲਵਾਈ ਨਾਲ ਲੈ ਕੇ ਆਏ ਸਨ। ਉਹ ਪੂੜੀਆਂ ਅਤੇ ਸਬਜ਼ੀ ਬਣਾ ਕੇ ਖਾ ਰਹੇ ਸੀ। ਉਹਨਾਂ ਦੱਸਿਆ ਕਿ ਤਿੰਨ ਘੰਟੇ ਤੋਂ ਇਥੇ ਜਾਮ ਲੱਗਾ ਹੋਇਆ ਹੈ। ਉਹਨਾਂ ਸਾਨੂੰ ਵੀ ਲੰਗਰ ਖਾਣ ਲਈ ਕਿਹਾ, ਪਰ ਅਸੀਂ ਪਿਆਰ ਨਾਲ ਇਨਕਾਰ ਕਰ ਦਿੱਤਾ, ਕਿਉਂਕਿ ਅਸੀਂ ਆਪਣਾ ਖਾਣਾ ਖਾ ਚੁੱਕੇ ਸੀ। ਇਥੇ ਤਵੀ ਨਦੀ ਕੇ ਕਿਨਾਰੇ ਖੂਬਸੂਰਤ ਨਜ਼ਾਰਿਆਂ ਦੀ ਅਸੀਂ ਫੋਟੋਗਰਾਫੀ ਕੀਤੀ ਅਤੇ ਆਪਣੇ ਸਾਰਿਆਂ ਦੇ ਫੋਟੋ ਵੀ ਖਿੱਚੇ। ਜਾਮ ਲੱਗਣ ਅਤੇ ਬਹੁਤ ਜਿਆਦਾ ਗਰਮੀ ਹੋਣ ਕਾਰਣ ਹਾਲਤ ਬਹੁਤ ਬਰੁੀ ਹੋ ਰਹੀ ਸੀ।
ਹੌਲੀ-ਹੌਲੀ ਜਦੋਂ ਅਸੀਂ ਜਾਮ ਪਾਰ ਕੀਤਾ ਤਾਂ ਸਾਰੀਆਂ ਗੱਡੀਆਂ ਇਕੱਠੀਆਂ ਕਰਕੇ ਇਸ ਫੋਰ ਲੇਨ ਰਾਸਤੇ ’ਤੇ ਗੱਡੀਆਂ ਨੇ ਇਕ ਵਾਰ ਫਿਰ ਸਪੀਡ ਫੜ ਲਈ। ਜਲੰਧਰ ਤੋਂ ਲੈ ਕੇ ਊਧਮਪੁਰ ਤੱਕ ਸੜਕ ਬਹੁਤ ਵਧੀਆ ਬਣੀ ਹੋਈ ਹੈ। ਬੇਸ਼ੱਕ ਇਸ ਸੜਕ ਉਪਰ ਜਲੰਧਰ ਤੋਂ ਲੈ ਕੇ ਊਧਮਪੁਰ ਤੱਕ 4 ਟੋਲ ਟੈਕਸ ਸਨ, ਪਰ ਸੜਕ ਸੋਹਣੀ ਬਣੀ ਹੋਈ ਹੈ। ਪਹਿਲਾ ਟੋਲ ਟੈਕਸ ਭੋਗਪੁਰ ਪਾਰ ਕਰਕੇ ਚੋਲਾਂਗ ਦਾ ਹੈ ਜਿੱਥੇ 75/- ਟੋਲ ਇਕ ਸਾਈਡ ਦਾ ਹੈ। ਇਸ ਤੋਂ ਬਾਅਦ ਮੁਕੇਰੀਆਂ ਤੋਂ ਅੱਗੇ ਮੀਰਥਲ ਦਾ ਟੋਲ ਟੈਕਸ 70/- ਹੈ। ਪਠਾਨਕੋਟ-ਅੰਮਿ੍ਰਤਸਰ ਬਾਈਪਾਸ ਪਾਰ ਕਰਦੇ ਹੀ ਰੇਲਵੇ ਦੇ ਪੁਲਾਂ ਦੇ ਹੇਠਾਂ ਬਹੁਤ ਵੱਡੇ ਵੱਡੇ ਟੋਏ ਹਨ ਅਤੇ ਪਾਣੀ ਭਰਿਆ ਰਹਿੰਦਾ ਹੈ, ਜਿੱਥੇ ਗੱਡੀਆਂ ਪਹਿਲੇ ਗਿਆਰ ਵਿਚ ਹੀ ਚੱਲਦੀਆਂ ਹਨ। ਸਾਰਿਆਂ ਨੂੰ ਡਰ ਲੱਗਦਾ ਹੈ ਕਿ ਗੱਡੀ ਕਿਤੇ ਫੰਸ ਨਾ ਜਾਵੇ। ਪ੍ਰਸ਼ਾਸਨ ਨੂੰ ਇਸ ਸੜਕ ਨੂੰ ਠੀਕ ਕਰਨਾ ਚਾਹੀਦਾ ਹੈ ਤਾਂ ਜੋ ਗੱਡੀਆਂ ਸਹੀ ਢੰਗ ਨਾਲ ਚੱਲ ਸਕਣ। ਇਸ ਤੋਂ ਬਾਅਦ ਲਖਨਪੁਰ ਬੈਰੀਅਰ ’ਤੇ ਜੰਮੂ-ਕਸ਼ਮੀਰ ਦਾ ਪਹਿਲਾ ਟੋਲ ਟੈਕਸ ਮਿਲਦਾ ਹੈ। ਇਸ ਤੋਂ ਬਾਅਦ ਊਧਮਪੁਰ ਦੇ ਰਾਸਤੇ ’ਚ ਟੋਲ 75/- ਹੈ। ਇਹ ਸਾਰੇ ਟੋਲ ਪਾਰ ਕਰਕੇ ਅਸੀਂ ਅੱਗੇ ਵਧਦੇ ਜਾ ਰਹੇ ਸੀ ਕਿ ਰਾਸਤੇ ਵਿਚ ਜਗਰਾਉਂ ਵਾਲਿਆਂ ਨੇ ਅਮਰਨਾਥ ਯਾਤਰਾ ਤੇ ਜਾਣ ਵਾਲੇ ਯਾਤਰੀਆਂ ਵਾਸਤੇ ਲੰਗਰ ਲਗਾਇਆ ਹੋਇਆ ਸੀ। ਸਾਰੀਆਂ ਗੱਡੀਆਂ ਇਸ ਲੰਗਰ ਤੇ ਰੁਕੀਆਂ। ਇਥੇ ਲੰਗਰ ਦੀ ਗਰਮਾ-ਗਰਮ ਚਾਹ ਅਤੇ ਰਸ ਖਾਣ ਨਾਲ ਜਾਮ ਦੀ ਹੋਈ ਥਕਾਵਟ ਦੂਰ ਕੀਤੀ। ਇਥੋਂ ਮਾਤਾ ਵੈਸ਼ਨੋ ਦੇਵੀ ਦੇ ਅਧਾਰ ਕਟੜਾ ਵਾਸਤੇ ਕਈ ਰਾਸਤੇ ਨਿਕਲਦੇ ਹਨ। ਇਥੋਂ ਸਾਨੂੰ ਮਾਤਾ ਵੈਸ਼ਨੋ ਦੇਵੀ ਦੇ ਰਾਸਤੇ ’ਚ ਪੈਂਦੀ ਅੱਧ ਕਵਾਰੀ ਦਾ ਮੰਦਰ ਦਿਖਾਈ ਦੇ ਰਿਹਾ ਸੀ। ਆਪਣੀ ਥਕਾਵਟ ਨੂੰ ਦੂਰ ਕਰਕੇ ਅਸੀਂ ਫਿਰ ਆਪਣੇ ਸਫਰ ’ਤੇ ਚੱਲ ਪਏ। ਊਧਮਪੁਰ ਸ਼ਹਿਰ ਨੂੰ ਜਾਣ ਵਾਲੇ ਰਾਸਤੇ ’ਤੇ ਅਮਰਨਾਥ ਯਾਤਰਾ ਨੂੰ ਜਾਣ ਵਾਲਾ ਟ੍ਰੈਫਿਕ ਬਾਈਪਾਸ ਵੱਲੋਂ ਕੱਢਿਆ ਜਾ ਰਿਹਾ ਸੀ। ਇਸ ਰਾਸਤੇ ’ਤੇ 15 ਕਿ.ਮੀ. ਅੱਗੇ ਜਾ ਕੇ ਟ੍ਰੈਫਿਕ ਰੋਕਿਆ ਹੋਇਆ ਸੀ। ਇਥੇ ਬਹੁਤ ਲੰਮੀਆਂ ਗੱਡੀਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸੀ। ਸਾਡੀ ਟੀਮ ਦੇ ਲੀਡਰ ਸ਼੍ਰੀ ਰਾਕੇਸ਼ ਮਾਲੜਾ ਜੀ ਨੇ ਜਾ ਕੇ ਪਤਾ ਕੀਤਾ ਤਾਂ ਪੱਤਾ ਲੱਗਾ ਕਿ ਅੱਗੇ ਲੈਂਡ ਸਲਾਈਡ ਹੋਈ ਹੈ, ਜਿਸ ਕਾਰਣ ਟ੍ਰੈਫਿਕ ਰੋਕਿਆ ਗਿਆ ਸੀ। ਸਾਡੇ ਕਮਾਂਡਰ ਨੇ ਗੱਡੀਆਂ ਮੋੜ ਕੇ ਊਧਮਪੁਰ ਸ਼ਹਿਰ ਵੱਲੋਂ ਲਿਜਾਣ ਦਾ ਫੈਸਲਾ ਕੀਤਾ ਅਤੇ ਅਸੀਂ ਗੱਡੀਆਂ ਵਾਪਸ ਮੋੜ ਲਈਆਂ। ਸਾਡੀਆਂ ਤਿੰਨ ਕਾਰਾਂ ਇੰਡੀਕਾ, ਪੋਲੋ ਅਤੇ ਵਰਨਾ ਤਾਂ ਅਰਾਮ ਨਾਲ ਸ਼ਹਿਰ ਵੱਲ ਮੁੜ ਗਈਆਂ, ਪਰ ਦੋ ਇਨੋਵਾ ਗੱਡੀਆਂ ਉਪਰ ਸਮਾਨ ਹੋਣ ਕਰਕੇ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਰੋਕ ਲਿਆ ਅਤੇ ਸ਼ਹਿਰ ’ਚ ਜਾਣ ਤੋਂ ਮਨਾਂ ਕਰ ਦਿੱਤਾ। ਸ਼੍ਰੀ ਰਾਕੇਸ਼ ਮਾਲੜਾ ਜੀ ਨੇ ਆਪਣੇ ਜਾਣਕਾਰ ਸ਼੍ਰੀ ਵਿਕਾਸ ਚੌਧਰੀ ਜੋ ਕਿ ਸੀ.ਆਰ.ਪੀ.ਐਫ. ’ਚ ਅਫਸਰ ਹਨ ਅਤੇ ੁਉਹਨਾਂ ਦੀ ਬਟਾਲੀਅਨ ਇੱਥੇ ਲੱਗੀ ਹੋਈ ਸੀ ਨੂੰ ਫੋਨ ਕਰਕੇ ਬਾਕੀ ਦੀਆਂ ਗੱਡੀਆਂ ਪਾਰ ਕਰਵਾਈਆਂ। ਸ਼੍ਰੀ ਪੰਕਜ ਜੀ ਦੀ ਡਿਊਟੀ ਗੱਡੀਆਂ ਨੂੰ ਨਾਕਾ ਪਾਰ ਕਰਵਾਉਣ ਦੀ ਸੀ ਅਤੇ ਅਸੀਂ ਤਵੀ ਨਦੀ ਦੇ ਕਿਨਾਰੇ ਬੈਠ ਕੇ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਣਦੇੇ ਹੋਏ ਆਪਣੇ ਸਾਥੀਆਂ ਦਾ ਇੰਤਜਾਰ ਕਰਨ ਲੱਗ ਪਏ।
ਕਰੀਬ ਅੱਧੇ ਕੁ ਘੰਟੇ ਬਾਅਦ ਸਾਡੀਆਂ ਬਾਕੀ ਦੋ ਗੱਡੀਆਂ ਵੀ ਆ ਗਈਆਂ ਅਤੇ ਅਸੀਂ ਸਾਰੇ ਊਧਮਪੁਰ ਸ਼ਹਿਰ ਵੱਲ ਅੱਗੇ ਵਧਣ ਲੱਗੇ। ਆਰਮੀ ਦਾ ਕੈਂਟ ਏਰੀਆ ਪਾਰ ਕਰਦੇ ਹੋਏ ਅਸੀਂ ਸਾਰਾ ਊਧਮਪੁਰ ਸ਼ਹਿਰ ਪਾਰ ਕੀਤਾ। ਸ਼ਹਿਰ ਦੇ ਅਖੀਰ ਵਿਚ ਫਿਰ ਟੈ੍ਰਫਿਕ ਜਾਮ ਲੱਗਾ ਹੋਇਆ ਸੀ। ਸਾਈਡ ’ਤੇ ਗੱਡੀਆਂ ਲਗਾ ਕੇ ਅਸੀਂ ਵੀ ਇੰਤਜਾਰ ਕਰਨ ਲੱਗੇ। ਸਾਡੇ ਟੀਮ ਲੀਡਰ ਸ਼੍ਰੀ ਰਾਕੇਸ਼ ਮਾਲੜਾ ਨੇ ਪਤਾ ਕੀਤਾ ਕਿ ਇਹ ਜਾਮ ਤਾਂ ਸਵੇਰ ਤੋਂ ਹੀ ਲੱਗਾ ਹੋਇਆ ਹੈ। ਅੱਗੇ ਲੈਂਡ ਸਲਾਈਡ ਹੋਣ ਕਰਕੇ ਟ੍ਰੈਫਿਕ ਊਧਮਪੁਰ ਵਿਚ ਹੀ ਰੋਕਿਆ ਗਿਆ ਹੈ। ਇਸ ਤੋਂ ਅੱਗੇ ਵਾਲਾ ਟ੍ਰੈਫਿਕ ਰਾਮਬਨ ’ਚ ਰੋਕਿਆ ਗਿਆ ਹੈ। ਇਥੇ ਹੀ ਲੁਧਿਆਣਾ ਤੋਂ ਇਕ ਦਿਨ ਪਹਿਲਾਂ ਆਪਣੀ ਟੀਮ ਨਾਲ ਆਏ ਹੋਏ ਸਾਡੇ ਸਾਥੀ ਸ਼੍ਰੀ ਵਿਪਨ ੁਸਿੰਗਲਾ ਜੀ ਆਪਣੀ ਟੀਮ ਨਾਲ ਸਵੇਰ ਦੇ ਲਾਈਨ ’ਚ ਲੱਗੇ ਹੋਏ ਸੀ ਕਿ ਰਾਸਤਾ ਖੁੱਲਣ ਤੇ ਅੱਗੇ ਜਾਣਗੇ। ਪਰ ਸ਼ਾਮ ਨੂੰ ਪੁਲਿਸ ਵਾਲਿਆਂ ਨੇ ਮਨਾਂ ਕਰ ਦਿੱਤਾ ਕਿ ਅੱਜ ਰਾਸਤਾ ਨਹੀਂ ਖੁੱਲੇਗਾ ਅਤੇ ਕੱਲ ਮੌਸਮ ਦੇ ਅਨੁਸਾਰ ਫੈਸਲਾ ਲਿਆ ਜਾਵੇਗਾ। ਸਾਡੇ ਨਾਲ ਪਰਿਵਾਰ ਹੋਣ ਕਰਕੇ ਇਹ ਫੈਸਲਾ ਕੀਤਾ ਗਿਆ ਕਿ ਜਲਦੀ ਤੋਂ ਜਲਦੀ ਕਿਤੇ ਰਾਤ ਰੁਕਣ ਦਾ ਇੰਤਜਾਮ ਕੀਤਾ ਜਾਵੇ। ਇਸੇ ਸਮੇਂ ਸਾਡੇ ਦੋਸਤ ਸ਼੍ਰੀ ਸੁਸ਼ੀਲ ਕਸ਼ਯਪ ਜੀ ਦਾ ਫੋਨ ਆ ਗਿਆ ਕਿ ਕਿੱਥੇ ਪਹੁੰਚ ਗਏ ਹੋ? ਅਸੀਂ ਦੱਸਿਆ ਕਿ ਊਧਮਪੁਰ ਜਾਮ ਵਿਚ ਫੰਸ ਗਏ ਹਾਂ ਤਾ ਉਹਨਾਂ ਕਿਹਾ ਕਿ ਮੈਂ ਤੁਹਾਡੀ ਮਦਦ ਵਾਸਤੇ ਇੰਤਜਾਮ ਕਰਵਾਉਂਦਾ ਹਾਂ। ਅਸੀਂ ਵੀ ਆਪਣੇ ਜੰਮੂ ਦੇ ਸਾਥੀ ਸ਼੍ਰੀ ਬਿ੍ਰਜ ਮਹਿਰਾ ਜੀ ਨੂੰ ਫੋਨ ਕਰਕੇ ਕਿਹਾ ਕਿ ਉਹ ਸਾਡੀ ਮਦਦ ਵਾਸਤੇ ਆਪਣੇ ਭਾਣਦੇ ਅਤੇ ਕਸ਼ਯਪ ਕ੍ਰਾਂਤੀ ਦੇ ਮੈਂਬਰ ਸ਼੍ਰੀ ਮਨੋਜ ਕੁਮਾਰ ਨੂੰ ਕਹਿਣ। ਥੋੜੀ ਦੇਰ ਬਾਅਦ ਹੀ ਊਧਮਪੁਰ ਤੋਂ ਡਾ. ਚੋਪੜਾ ਜੀ ਦਾ ਫੋਨ ਆ ਗਿਆ ਤੇ ਉਹਨਾਂ ਨੂੰ ਸਾਨੂੰ ਪੁੱਛਿਆ ਕਿ ਅਸੀਂ ਕਿਸ ਜਗ੍ਹਾ ਹਾਂ? ਸਾਡੀ ਲੋਕੇਸ਼ਨ ਸਮਝ ਕੇ ਉਹਨਾਂ ਨੇ ਸਾਡੀ ਇਕ ਹੋਟਲ ਵਿਚ ਗੱਲ ਕਰਵਾਈ ਕਿ ਇੱਥੇ ਤਹੁਾਨੂੰ 1000/- ਵਿਚ ਏ.ਸੀ. ਕਮਰਾ ਮਿਲ ਜਾੇਗਾ। ਸਾਡੇ ਸਾਥੀ ਵੀ ਉਥੇ ਹੋਟਲ ਦੇ ਕਮਰੇ ਦੇਖ ਰਹੇ ਸੀ। ਹੋਟਲ ਵਾਲਿਆਂ ਨੂੰ ਵੀ ਯਾਤਰੀਆਂ ਦੇ ਫੰਸੇ ਹੋਣ ਦਾ ਪਤਾ ਸੀ, ਜਿਸ ਕਰਕੇ ਉਹ ਵੀ ਡਬਲ ਰੇਟ ਮੰਗ ਰਹੇ ਸਨ। ਇਸੇ ਦੌਰਾਨ ਡਾ. ਚੌਪੜਾ ਜੀ ਜੋ ਕਿ ਊਧਮਪੁਰ ਦੀ ਇਕ ਮੰਨੀ ਹੋਈ ਹਸਤੀ ਹਨ ਅਤੇ ਸਾਡੇ ਸਾਥੀ ਮਨੋਜ ਕੁਮਾਰ ਜੀ ਵੀ ਆ ਗਏ। ਮੇਰੀ ਅਤੇ ਮੀਨਾਕਸ਼ੀ ਦੀ ਡਿਊਟੀ ਡਾ. ਚੋਪੜਾ ਵੱਲੋਂ ਦੱਸੇ ਗਏ ਹੋਟਲ ’ਚ ਕਮਰੇ ਦੇਖਣ ਦੀ ਲਗਾਈ ਗਈ। ਅਸੀਂ ਹੋਟਲ ਦੇਖ ਕੇ ਵਾਪਸ ਆਏ ਤਾਂ ਸਾਡੇ ਸਾਥੀਆਂ ਨੇ ਸਾਸਨ ਹੋਟਲ ’ਚ ਕਮਰੇ ਬੱਕ ਕਰਵਾ ਲਏ ਸਨ। ਅਸੀਂ ਕਰੀਬ 35 ਮੈਂਬਰਾਂ ਨੇ 10 ਕਮਰੇ ਲਏ। ਇਤੇ ਨੇੜੇ ਦੇ ਸਾਰੇ ਹੋਟਲ ਪੂਰੀ ਤਰ੍ਹਾਂ ਭਰ ਚੁੱਕੇ ਸਨ ਅਤੇ ਯਾਤਰੀ ਰਾਤ ਰੁਕਣ ਵਾਸਤੇ ਜਗ੍ਹਾ ਭਾਲ ਰਹੇ ਸਨ। ਸਾਸਨ ਹੋਟਲ ’ਚ ਹੀ ਮਹਾਂਰਾਸ਼ਟਰ ਤੋਂ ਆਏ ਹੋਏ ਪੂਰੀ ਬੱਸ ਦੇ ਯਾਤਰੀਆਂ ਲਈ ਹੋਟਲ ਦੀ ਲੋਬੀ ’ਚ ਗੱਦੇ ਲਗਵਾ ਕੇ ਰੁਕਣ ਦਾ ਪ੍ਰਬੰਧ ਹੋਇਆ। ਅਸੀਂ ਆਪਣਾ ਸਮਾਨ ਕਮਰਿਆਂ ਵਿਚ ਰੱਖ ਕੇ ਥੋੜੀ ਦੇਰ ਅਰਾਮ ਕੀਤਾ। ਹੋਟਲ ਤੋਂ 100 ਮੀਟਰ ਦੂਰ ਹੀ ਕੁਰੂਕਸ਼ੇਤਰ ਵਾਲਿਆਂ ਦਾ ਲੰਗਰ ਲੱਗਾ ਹੋਇਆ ਸੀ। ਸਾਰਾ ਗਰੁੱਪ ਲੰਗਰ ਤੇ ਗਿਆ ਅਤੇ ਚਾਹ ਦੇ ਨਾਲ ਕਚੌੜੀਆਂ ਦਾ ਸਵਾਦ ਲਿਆ। ਚਾਹ ਬਹੁਤ ਹੀ ਸਵਾਦ ਸੀ ਜਿਸਨੇ ਸਾਡੀ ਸਾਰੀ ਥਕਾਵਟ ਦੂਰ ਕਰ ਦਿੱਤੀ। ਸ਼ਾਮ ਦੇ 7 ਵਜ ਚੁੱਕੇ ਸਨ ਅਤੇ ਰਾਤ ਦੇ ਲੰਗਰ ਦੀ ਤਿਆਰੀ ਚੱਲ ਰਹੀ ਸੀ। ਸਾਡੇ ਗਰੁੱਪ ਦੇ ਲੇਡੀਜ਼ ਮੈਂਬਰ ਨੇ ਲੰਗਰ ਬਨਾਉਣ ਦੀ ਸੇਵਾ ਸ਼ੁਰੂ ਕਰ ਦਿੱਤੀ। ਰਾਤ 8 ਵਜੇ ਲੰਗਰ ਕਮੇਟੀ ਨੇ ਭਗਵਾਨ ਸ਼ੰਕਰ ਦੀ ਆਰਪਤੀ ਕੀਤੀ ਅਤੇ ਪ੍ਰਸ਼ਾਦਿ ਵੰਡਿਆ। ਇਸ ਤੋਂ ਬਾਅਦ ਰਾਤ ਦਾ ਭੰਡਾਰਾ ਸ਼ੁਰੂ ਹੋਇਆ। ਸਾਰੇ ਯਾਤਰੀ ਲਾਈਨ ਲਗਾ ਕੇ ਆਪਣੀ ਥਾਲੀ ’ਚ ਲੰਗਰ ਲੈ ਰਹੇ ਸਨ। ਸ਼ਰਧਾਲੂਆਂ ਦੇ ਲੰਗਰ ਖਾਣ ਵਾਸਤੇ ਕੁਰਸੀਆਂ ਅਤੇ ਮੇਜ ਲੱਗੇ ਹੋਏ ਸਨ। ਇਸ ਤੋਂ ਬਾਅਦ ਅਸੀਂ ਆਪਣੇ ਹੋਟਲ ਦੇ ਕਮਰਿਆਂ ਨੂੰ ਤੁਰ ਪਏ। ਬਾਰਿਸ਼ ਸ਼ੁਰੂ ਹੋ ਗਈ ਸੀ ਅਤੇ ਰਾਸਤੇ ’ਚ ਚਿੱਕੜ ਹੋ ਗਿਆ ਸੀ। ਦਿਨ ਦੇ ਜਾਮ ਨੇ ਸਾਰਿਆਂ ਨੂੰ ਥਕਾ ਦਿੱਤਾ ਸੀ। ਹਰ ਕੋਈ ਜਲਦੀ ਤੋਂ ਜਲਦੀ ਕਮਰੇ ਵਿਚ ਪਹੁੰਚ ਕੇ ਅਰਾਮ ਕਰਨਾ ਚਾਹੁੰਦਾ ਸੀ। ਸਾਡੇ ਲੀਡਰ ਨੇ ਕਿਹਾ ਕਿ ਜੇਕਰ ਸਵੇਰੇ 4 ਵਜੇ ਰਾਸਤਾ ਖੁੱਲ ਜਾਂਦਾ ਹੈ ਤਾਂ ਅਸੀਂ ਜਲਦੀ ਚਲੇ ਜਾਣਾ ਹੈ। ਸਵੇਰੇ ਉਠਣ ਦੀ ਤਿਆਰੀ ਕਰਕੇ ਅਸੀਂ ਆਪਣੇ ਕਮਰਿਆਂ ’ਚ ਸੋਣ ਦੀ ਤਿਆਰੀ ਕਰਨ ਲੱਗੇ। ਇਕ ਕਮਰੇ ਵਿਚ 4-4 ਮੈਂਬਰ ਸਨ। ਸਾਡੇ ਨਾਲ ਕਮਰੇ ਵਿਚ ਲੁਧਿਆਣੇ ਤੋਂ ਸ਼੍ਰੀ ਸੰਦੀਪ ਗਰਗ ਅਤੇ ਉਹਨਾਂ ਦੀ ਪਤਨੀ ਸ਼੍ਰੀਮਤੀ ਰੇਣੂ ਸੀ। ਲੇਟਦੇ ਹੀ ਕਦੋਂ ਅਸੀਂ ਨੀਂਦ ਦੀ ਗੋਦ ਵਿਚ ਚਲੇ ਗਏ, ਪਤਾ ਨਹੀਂ ਲੱਗਾ?
Narendera Kashyap - Meenakshi Kashyap on Jammu-Udhampur National Highway
Subhash Chander - Rakesh Malra at Jagraon wala ka bhandara
Group Members of Shri Amarnath Yatra drinknig tea at Udhampur Langar
Meenakshi Kashyap, Rozy, Rachna & Group Ladies Preparing Langar for Yatris
Day -2, Journey From Udhampur to Srinagar
(L to R) Miss Gunjan, Smt. Renu Garg, Smt. Meenakshi Kashyap & Sh. Narendera Kashyap on the way to Srinagar
(L to R) Mr. Parveen Jindal, Miss Gunjan, Smt. Renu Garg & Smt. Meenakshi Kashyap on the way to Srinagar
Amarnath Yatra Group having some snaxs at Ramban on the way to Srinagar
Narendera Kashyap at wire bridge near Ramban
Having Tea with group Commander Mr. Rakesh Malra on the way to Srinagar
13 ਜੁਲਾਈ 2015 (ਯਾਤਰਾ ਦਾ ਦੂਸਰਾ ਦਿਨ) – ਪਿਛਲੇ ਦਿਨ ਦੀ ਥਕਾਵਟ ਕਾਰਣ ਰਾਤ ਨੂੰ ਨੀਂਦ ਦੀ ਚਾਦਰ ਨੇ ਆਪਣੀ ਬੁੱਕਲ ’ਚ ਲੁਕੋ ਲਿਆ ਸੀ ਅਤੇ ਕਦੋਂ ਸਵੇਰ ਹੋ ਗਈ ਪਤਾ ਹੀ ਨਹੀਂ ਚੱਲਿਆ। ਮੋਬਾਈਲ ਦੇ ਅਲਾਰਮ ਨੇ 5 ਵਜੇ ਜਦੋਂ ਜਗਾਇਆ ਤਾਂ ਉਠ ਕੇ ਬਾਹਰ ਦਾ ਨਜ਼ਾਰਾ ਦੇਖ ਕੇ ਮੰਨ ਬਹੁਤ ਖੁਸ਼ ਹੋ ਗਿਆ। ਪਹਾੜੀ ਇਲਾਕੇ ’ਚ ਸਵੇਰ ਦਾ ਮੌਸਮ ਦੇਖ ਕੇ ਦਿਲ ਖੁਸ਼ੀ ਵਿਚ ਝੂਮ ਉਠਦਾ ਹੈ। ਆਪਣੇ-ਆਪਣੇ ਕਮਰਿਆਂ ’ਚ ਸਾਰੇ ਮੈਂਬਰ ਉਠ ਤਾਂ ਗਏ ਸੀ ਕਿ ਪਤਾ ਨਹੀਂ ਕਦੋਂ ਰਾਸਤਾ ਖੁੱਲ ਜਾਏ ਅਤੇ ਜਾਣ ਦੀ ਤਿਆਰੀ ਹੋ ਜਾਵੇ, ਪਰ ਕਮਰਿਆਂ ’ਚੋਂ ਬਾਹਰ ਕੋਈ ਨਹੀਂ ਨਿਕਲਿਆ। ਮੈਂ ਆਪਣੀ ਆਦਤ ਮੁਤਾਬਕ ਜਦੋਂ ਕਮਰੇ ਤੋਂ ਬਾਹਰ ਆ ਕੇ ਸੜਕ ’ਤੇ ਸੈਰ ਕਰਨ ਜਾ ਰਿਹਾ ਸੀ ਤਾਂ ਪਹਾੜਾਂ ਦੀ ਖੂਬਸੂਰਤੀ ਸੂਰਜ ਦੀ ਰੋਸਨੀ ਪੈਣ ਕਾਰਣ ਹੋਰ ਵੀ ਵਧੀ ਹੋਈ ਨਜ਼ਰ ਆ ਰਹੀ ਸੀ। ਸੁਨਹਿਰੀ ਰੰਗ ਦੇ ਪਹਾੜ ਅਤੇ ਹਰਿਆਲੀ ਦੇਖ ਕੇ ਦਿਲ ਖੁਸ਼ ਹੋ ਗਿਆ। 7 ਵਜੇ ਸਾਡੀ ਟੀਮ ਦੇ ਕਮਾਂਡਰ ਨੇ ਸਾਰਿਆਂ ਨੂੰ ਤਿਆਰ ਰਹਿਣ ਵਾਸਤੇ ਕਿਹਾ ਕਿ ਜਦੋਂ ਵੀ ਰਾਸਤਾ ਖੁੱਲੇਗਾ ਅਸੀਂ ਫਟਾਫਟ ਅੱਗੇ ਦੀ ਯਾਤਰਾ ਕਰਨੀ ਹੈ। ਸਾਰੇ ਮੈਂਬਰ ਤਿਆਰ ਸਨ। 8 ਵਜੇ ਫਿਰ ਅਸੀਂ ਰਾਤ ਵਾਲੇ ਲੰਗਰ ’ਤੇ ਗਏ। ਉਥੇ ਸਵੇਰ ਦਾ ਨਾਸ਼ਤਾ ਤਿਆਰ ਸੀ। ਸਾਡੇ ਕਈ ਮੈਂਬਰ ਪਹਿਲਾਂ ਹੀ ਨਾਸ਼ਤਾ ਕਰ ਚੁੱਕੇ ਸੀ। ਨਾਸ਼ਤੇ ਵਿਚ ਸਬਜ਼ੀ, ਪੂੜੀਆਂ, ਆਲੂ ਵਾਲੇ ਪਰਾਂਠੇ, ਤੰਦੂਰੀ ਪਰਾਂਠੇ ਅਤੇ ਸਬਜ਼ੀ ਸੀ। ਹਰੇਕ ਨੇ ਆਪਣੀ ਪਸੰਦ ਦਾ ਨਾਸ਼ਤਾ ਕੀਤਾ। ਅਸੀਂ ਲੰਗਰ ਦੇ ਇੰਚਾਰਜ ਨੂੰ ਪੁੱਛਿਆ ਕਿ ਰਾਸਤਾ ਖੁੱਲਣ ਦੀ ਕੀ ਰਿਪੋਰਟ ਹੈ ਤਾਂ ਉਹਨਾਂ ਦੱਸਿਆ ਕਿ ਟ੍ਰੈਫਿਕ ਵਾਲਿਆਂ ਨਾਲ ਉਹਨਾਂ ਦਾ ਸੰਪਰਕ ਹੈ। ਜਦੋਂ ਵੀ ਟ੍ਰੈਫਿਕ ਖੁੱਲੇਗਾ ਤਾਂ ਉਹਨਾਂ ਨੰ ਸੂਚਨਾ ਮਿਲ ਜਾਵੇਗੀ ਅਤੇ ਉਹ ਮਾਈਕ ਉਪਰ ਅਨਾਉਂਸਮੈਂਟ ਕਰ ਦੇਣਗੇ। ਇਸ ਤੋਂ ਬਾਅਦ ਹੋਟਲ ’ਚ ਆ ਕੇ ਕੋਈ ਆਪਣੇ ਕਮਰੇ ਵਿਚ ਚਲਾ ਗਿਆ ਅਤੇ ਕੋਈ ਘੁੰੁਮ ਰਿਹਾ ਸੀ। ਅਸੀਂ ਮਹਾਂਰਾਸ਼ਟਰ ਤੋਂ ਆਏ ਹੋਏ ਯਾਤਰੀਆਂ ਨਾਲ ਗੱਲ ਕਰਨ ਲੱਗ ਪਏ। ਉਹਨਾਂ ਵਿਚ ਬਹੁਤ ਸਾਰੇ ਬਜੁਰਗ ਅਤੇ ਔਰਤਾਂ ਵੀ ਸਨ। ਉਹ ਭੋਲੇ ਸ਼ੰਕਰ ਅੱਗੇ ਅਰਦਾਸ ਕਰ ਰਹੇ ਸੀ ਕਿ ਜਲਦੀ ਤੋਂ ਜਲਦੀ ਰਾਸਤਾ ਖੁੱਲ ਜਾਏ ਕਿਉਂਕਿ ਉਹਨਾਂ ਦੀਅਆੰ ਵਾਪਸ ਜਾਣ ਦੀਆਂ ਸੀਟਾਂ ਵੀ ਟ੍ਰੇਨ ’ਚ ਬੁੱਕ ਸਨ ਅਤੇ ਉਹਨਾਂ ਨੂੰ ਆਪਣੀ ਵਾਪਸੀ ਦੀ ਚਿੰਤਾ ਵੀ ਸੀ। ਇਹਨਾਂ ਵਿਚੋਂ ਕਈ ਸ਼ਰਧਾਲੂ 10 ਤੋਂ ਵੀ ਜਿਆਦਾ ਵਾਰ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਸਨ। 11 ਵਜੇ ਦੇ ਕਰੀਬ ਰਾਸਤਾ ਖੁੱਲਣ ਦੀ ਸੂਚਨੀ ਮਿਲੀ ਅਤੇ ਅਸੀਂ ਆਪਣੀਆਂ ਤਿਆਰ ਖੜੀਆਂ ਗੱਡੀਆਂ ਵਿਚ ਸਵਾਰ ਹੋ ਕੇ ਅੱਗੇ ਦਾ ਸਫਰ ਸ਼ੁਰੂ ਕਰ ਦਿੱਤਾ। ਇਕ ਪਾਸੇ ਤਵੀ ਨਦੀ ਅਤੇ ਦੂਜੇ ਪਾਸੇ ਅਸਮਾਨ ਛੰਹਦੇ ਪਹਾੜਾਂ ਦੇ ਵਿਚਕਾਰ ਸਾਡੀਆਂ ਕਾਰਾਂ ਭੱਜੀਆਂ ਜਾ ਰਹੀਆਂ ਸਨ। ਹੁਣ ਸਾਨੂੰ ਆਪਣੀ ਮੰਜਿਲ ’ਤੇ ਪਹੁੰਚਣ ਦੀ ਜਲਦੀ ਸੀ। ਰਾਸਤੇ ’ਚ ਸਾਨੂੰ ਤਿੰਨ ਜਗਹ ਸੜਕ ਉਪਰ ਲੈਂਡ ਸਲਾਈਡਿੰਗ ਮਿਲੀ ਜਿਸ ਕਾਰਣ ਬੀਤੇ ਦਿਨ ਟ੍ਰੈਫਿਕ ਰੁਕਣ ਦਾ ਕਾਰਣ ਸਮਝ ਆ ਗਿਆ। ਪ੍ਰਸ਼ਾਸਨ ਨੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖ ਕੇ ਹੀ ਟ੍ਰੈਫਿਕ ਰੋਕਿਆ ਸੀ ਅਤੇ ਰਾਸਤਾ ਸਾਫ ਹੁੰਦੇ ਹੀ ਖੋਲ ਦਿੱਤਾ। ਰਾਸਤੇ ਵਿਚ ਵੀ ਕਈ ਜਗਹ ਵੱਖ-ਵੱਖ ਸੰਸਥਾਵਾਂ ਵੱਲੋਂ ਲਗਾਏ ਗਏ ਲੰਗਰ ਨਜ਼ਰ ਆ ਰਹੇ ਸੀ। ਊਧਮਪੁਰ ਤੋਂ 32 ਕਿਲੋਮੀਟਰ ਦੂਰ ਚੇਨਾਨੀ ਇਲਾਕਾ ਹੈ ਜਿੱਥੇ ਤਵੀ ਨਦੀ ਆਪਣਾ ਰੁਖ ਮੋੜ ਲੈਂਦੀ ਹੈ। ਇੱਥੇ ਸੁਰੰਗ ਦਾ ਕੰਮ ਚੱਲ ਰਿਹਾ ਹੈ ਅਤੇ ਥੋੜਾ ਜਿਹਾ ਰਾਸਤਾ ਖਰਾਬ ਸੀ ਜਿਸਨੂੰ ਪਾਰ ਕਰਨ ਵਿਚ 5 ਮਿਨਟ ਲੱਗ ਗਏ। ਇਸ ਤੋਂ ਬਾਅਦ ਕੁੱਦ ਆਉਂਦਾ ਹੈ, ਜਿੱਥੋਂ ਬਹੁਤ ਹੀ ਸੁਹਾਵਨਾ ਮੌਸਮ ਸ਼ੁਰੂ ਹੋ ਜਾਂਦਾ ਹੈ। ਇਹ ਪਤਨੀਟੋਪ ਦਾ ਇਲਾਕਾ ਹੈ ਜੋ ਆਪਣੇ ਖੁਸ਼ਗਵਾਰ ਮੌਸਮ ਕਾਰਣ ਯਾਤਰੀਆਂ ਨੂੰ ਆਪਣੇ ਵੱਲ ਖਿੱਚਦਾ ਹੈ। ਕਰੀਬ 6 ਕਿ.ਮੀ. ਦੂਰ ਪਤਨੀਟੋਪ ਹਿਲ ਸਟੇਸ਼ਨ ਹੈ। ਇਥੇ ਮੌਸਮ ਬਹੁਤ ਹੀ ਪਿਆਰਾ ਸੀ। ਧੁੰਦ ਜਿਹੀ ਛਾਈ ਹੋਈ ਸੀ ਅਤੇ ਠੰਡੀਆਂ ਹਵਾਵਾਂ ਆ ਰਹੀਆਂ ਸਨ। ਦਿਨ ਦੇ ਸਮੇਂ ਵੀ ਗੱਡੀਆਂ ਦੀ ਹੈਡਲਾਈਟ ਜਗਾਉਣ ਦੀ ਜਰੂਰਤ ਪੈ ਗਈ। ਕਰੀਬ 10 ਕਿ.ਮੀ. ਤੱਕ ਇਹ ਕੁਦਰਤੀ ਨਜ਼ਾਰਾ ਸਾਡੇ ਨਾਲ ਨਾਲ ਚੱਲਦਾ ਰਿਹਾ। ਬਦਲ ਬਿਲਕੁਲ ਸਾਡੇ ਹੱਥਾਂ ਨਾਲ ਛੂਹ ਕੇ ਜਾ ਰਹੇ ਸੀ। ਅਸੀਂ 10 ਕੁ ਮਿਨਟ ਰੁਕ ਕੇ ਇਸ ਸੁਹਾਣੇ ਮੌਸਮ ਦਾ ਅਨੰਦ ਮਾਣਿਆ ਅਤੇ ਆਪਣੇ ਬਾਕੀ ਸਾਥੀਆਂ ਦਾ ਇੰਤਜਾਰ ਕੀਤਾ। ਸਾਰੀਆਂ ਗੱਡੀਆਂ ਆ ਗਈਆਂ ਤਾਂ ਫਿਰ ਸਰਫ ਸ਼ੁਰੂ ਹੋ ਗਿਆ। ਸਾਡੇ ਕਮਾਂਡਰ ਸ਼੍ਰੀ ਰਾਕੇਸ਼ ਮਾਲੜਾ ਜੀ ਆਪਣੀ ਕਾਰ ਅੱਗੇ ਲਗਾ ਕੇ ਸਾਡੇ ਗਾਈਡ ਦਾ ਰੋਲ ਵੀ ਨਿਭਾ ਰਹੇ ਸੀ। ਪਤਨੀਟੋਪ ਤੋਂ 13 ਕਿ.ਮੀ. ਅੱਗੇ ਬਟੋਟ ਕਸਬਾ ਹੈ। ਪਹਾੜੀ ਇਲਾਕੇ ਦੀਆਂ ਬਲ ਖਾਂਦੀਆਂ ਸੜਕਾਂ ਉਤੇ ਸਾਡਾ ਕਾਫਿਲਾ ਦੌੜ ਰਿਹਾ ਸੀ ਅਤੇ ਕੁਦਰਤ ਦੇ ਕਈ ਨਜ਼ਾਰੇ ਸਾਡੀਆਂ ਅੱਖਾਂ ਦੇ ਸਾਹਮਣੇ ਲੰਘ ਰਹੇ ਸੀ। ਬਟੋਟ ਪਾਰ ਕਰਦੇ ਹੀ ਪੁਲ ਦੇ ਕਿਨਾਰੇ ਇਕ ਮੰਦਰ ਬਣਿਆ ਹੋਇਆ ਹੈ ਜਿੱਥੇ ਰੁਕ ਕੇ ਅਸੀਂ ਮੱਥਾ ਟੇਕਿਆ। ਇਥੇ ਨਾਲ ਹੀ ਥੋੜੀਆਂ ਜਿਹੀਆਂ ਦੁਕਾਨਾਂ ਸਨ, ਜਿਥੋਂ ਅਸੀਂ ਚਾਹ ਪੀ ਕੇ ਥੋੜਾ ਜਿਹਾ ਫਰੈਸ਼ ਹੋਏ। ਥੋੜਾ ਜਿਹਾ ਫਰੂਟ ਵੀ ਖਰੀਦ ਕੇ ਸਾਰਿਆਂ ਨੇ ਹਲਕੀ ਜਿਹੀ ਪੇਟ ਪੂਜਾ ਕੀਤੀ। ਇਥੇ ਇਕ ਵਹਿੰਦੇ ਹੋਏ ਝਰਨੇ ਦਾ ਠੰਡਾ ਪਾਣੀ ਗਰਮ ਮੌਸਮ ਵਿਚ ਸ਼ੀਤਲਤਾ ਦੇ ਰਿਹਾ ਸੀ। ਥੋੜਾ ਤਰੋਤਾਜ਼ਾ ਹੋ ਕੇ ਫਿਰ ਅੱਗੇ ਵਧੇ। ਇਸ ਤੋਂ ਅੱਗੇ ਪੀੜਾ ਨਾਮ ਦਾ ਕਸਬਾ ਹੈ, ਜਿੱਥੇ ਦੇ ਰਾਜਮਾਂਹ ਚਾਵਲ ਬਹੁਤ ਮਸ਼ਹੂਰ ਹਨ। ਪੀੜਾ ਤੋਂ 14 ਕਿ.ਮੀ. ਦੂਰ ਰਾਮਬਨ ਨਾਮ ਦਾ ਕਸਬਾ ਹੈ। ਰਾਮਬਨ ਤੋਂ 7-8 ਕਿ.ਮੀ. ਦੂਰੀ ’ਤੇ ਸੇਰੀ ਨਾਮ ਦਾ ਇਲਾਕਾ ਹੈ ਜਿੱਥੇ ਚਿਨਾਬ ਨਦੀ ਦੋ ਹਿੱਸਿਆਂ ਵਿਚ ਵੰਡ ਹੋ ਜਾਂਦੀ ਹੈ। ਚਿਨਾਬ ਨਦੀ ਦੇ ਨਾਲ ਨਾਲ ਚੱਲਦੇ ਹੋਏ ਅਸੀਂ ਪੜਾਅ ਦਰ ਪੜਾਅ ਆਪਣਾ ਸਫਰ ਤੈਅ ਕਰ ਰਹੇ ਸੀ। ਇਸ ਤੋਂ ਅੱਗੇ 40 ਕਿ.ਮੀ. ਦੂਰ ਸਾਡਾ ਅਗਲਾ ਪੜਾਅ ਬਨਿਹਾਲ ਸੀ। ਕਰੀਬ 1.5 ਘੰਟੇ ’ਚ ਅਸੀਂ ਇਹ ਸਫਰ ਤੈਅ ਕੀਤਾ। ਬਨਿਹਾਲ ਤੋਂ ਸ਼੍ਰੀਨਗਰ ਤੱਕ ਰੇਲਵੇ ਦੀ ਟ੍ਰੇਨ ਵੀ ਚੱਲਦੀ ਹੈ। ਕਿਸੇ ਕਿਸੇ ਜਗਹ ਸਾਨੂੰ ਰੇਲਵੇ ਲਾਈਨ ਵੀ ਨਜ਼ਰ ਆ ਜਾਂਦੀ ਸੀ, ਪਰ ਟ੍ਰੇਨ ਕੋਈ ਨਜ਼ਰ ਨਹੀਂ ਆਈ। ਬਨਿਹਾਲ ਤੋਂ ਅਗਲਾ ਪੜਾਅ ਕਾਜ਼ੀਗੁੰਡ 32 ਕਿ.ਮੀ. ਦੂਰ ਸੀ। ਗੱਡੀਆਂ ਸੱਪ ਵਰਗੇ ਪਹਾੜੀ ਮੋੜਾਂ ਨੂੰ ਪਾਰ ਕਰਦੀਆਂ ਹੋਈਆਂ ਆਪਣੀ ਮੰਜਿਲ ਵੱਲ ਵਧ ਰਹੀਆਂ ਸੀ। ਕਾਜ਼ੀਗੁੰਡ ਜਾ ਕੇ ਅਸੀਂ ਆਪਣੀਆਂ ਕਾਰਾਂਦੀ ਟੈਂਕੀ ਤੇਲ ਨਾਲ ਫੁੱਲ ਕਰਵਾਈ ਅਤੇ ਥੋੜੀ ਦੇਰ ਆਪਣੇ ਸਾਥੀਆਂ ਦਾ ਇੰਤਜਾਰ ਕੀਤਾ। ਜਗਰਾਉਂ ਵਾਲੇ ਸੁਭਾਸ਼ ਚੰਦਰ ਜੀ ਦੀ ਗੱਡੀ ਥੋੜਾ ਪਿੱਛੇ ਰਹਿ ਗਈ ਸੀ। ਇੱਥੇ ਰੇਲਵੇ ਪੁਲ ਉਪਰ ਜਾਮ ਲੱਗਾ ਹੋਇਆ ਸੀ। ਅੱਗੇ ਸੜਕ ਨੂੰ ਫੋਰ ਲੇਨ ਕਰਨ ਦਾ ਕੰਮ ਚੱਲ ਰਿਹਾ ਸੀ। ਜਾਮ ਪਾਰ ਕਰਕੇ ਅਸੀਂ ਅਨੰਤਨਾਗ ਪਹੁੰਚੇ। ਇਥੋਂ ਇਕ ਰਾਸਤਾ ਪਹਿਲਗਾਮ ਨੂੰ ਚਲਾ ਜਾਂਦਾ ਹੈ ਜਦਕਿ ਦੂਸਰਾ ਰਾਸਤਾ ਸ਼੍ਰੀਨਗਰ ਨੂੰ ਜਾਂਦਾ ਹੈ। ਅਸੀਂ ਸ਼੍ਰੀਨਗਰ ਵਾਲੇ ਰਾਸਤੇ ਨੂੰ ਅੱਗੇ ਵਧਦੇ ਗਏ। ਸ਼੍ਰੀਨਗਰ ਤੋਂ 20 ਕਿ.ਮੀ. ਪਹਿਲਾਂ ਇਕ ਢਾਬੇ ਉਪਰ ਸਾਡੇ ਕਮਾਂਡਰ ਜੋ ਕਿ ਕਾਫੀ ਤੇਜ ਕਾਰ ਚਲਾਉਂਦੇ ਹਨ, ਪਹੁੰਚ ਕੇ ਸਾਡਾ ਇੰਤਜਾਰ ਕਰ ਰਹੇ ਸੀ। ਲੁਧਿਆਣਾ ਵਾਲੇ ਸਾਥੀਆਂ ਦੀ ਇਨੋਵਾ ਵੀ ਪਹੁੰਚ ਗਈ। ਅਸੀਂ ਇਥੇ ਚਾਹ ਪੀ ਕੇ ਥੋੜਾ ਜਿਹਾ ਫਰੈਸ਼ ਹੋਏ ਅਤੇ ਸੁਭਾਸ਼ ਜੀ ਦੀਆਂ ਗੱਡੀਆਂ ਦਾ ਇੰਤਜਾਰ ਕਰਨ ਲੱਗੇ। ਕਰੀਬ 1 ਘੰਟੇ ਬਾਅਦ ਸੁਭਾਸ਼ ਹੋਰਾਂ ਦਾ ਕਾਫਿਲਾ ਪਹੁੰੁਚਿਆ। ਉਹਨਾਂ ਵੀ ਆ ਕੇ ਚਾਹ-ਨਾਸ਼ਤਾ ਕੀਤਾ। ਇਸ ਦੌਰਾਨ ਲੁਧਿਆਣੇ ਵਾਲੇ ਸ਼੍ਰੀ ਵਿਪਨ ਸਿੰਗਲਾ ਜੀ ਵਾਲਾ ਟੈਂਪੂ ਟ੍ਰੈਵਲਰ ਸ਼੍ਰੀਨਗਰ ਪਹੁੰਚ ਚੁੱਕਾ ਸੀ। ਉਹਨਾਂ ਦੀ ਡਿਊਟੀ ਸ਼੍ਰੀਨਗਰ ਜਾ ਕੇ ਹੋਟਲ ਦੇ ਕਮਰੇ ਬੁੱਕੇ ਕਰਨ ਦੀ ਲਗਾਈ ਗਈ। ਸ਼ਾਮ ਹੋ ਚੁੱਕੀ ਸੀ ਅਤੇ ਸੂਰਜ ਪਹਾੜਾਂ ਦੇ ਉਹਲੇ ਛਿਪਣ ਜਾ ਰਿਹਾ ਸੀ। ਸ਼੍ਰੀਨਗਰ ਬਾਈਪਾਸ ਉਤੇ ਇਕੱਠੇ ਹੋਣ ਦਾ ਫੈਸਲਾ ਕਰਕੇ ਅਸੀਂ ਆਪੋ-ਆਪਣੀ ਕਾਰਾਂ ਦੀ ਸਪੀਡ ਵਧਾ ਦਿੱਤੀ। ਸ਼੍ਰੀਨਗਰ ਬਾਈਪਾਸ ਪਹੁੰਚ ਕੇ ਇਕ ਦੂਜੇ ਦੇ ਪਿੱਛੇ ਕਾਰਾਂ ਲਗਾ ਕੇ ਅਸੀਂ ਹੋਟਲ ਵੱਲ ਵਧੇ। ਡੱਲ ਗੇਟ ਦੇ ਨੇੜੇ ਅਲੱਗ ਅਲੱਗ ਹੋਟਲੰ ’ਚ ਸਾਨੂੰ ਕਮਰੇ ਮਿਲੇ। ਵਿਪਨ ਸਿੰਗਲਾ ਅਤੇ ਸੁਭਾਸ਼ ਜੀ ਨੂੰ ਡੱਲ ਗੇਟ ਦੇ ਨੇੜੇ ਹੋਟਲਾਂ ਵਿਚ ਠਹਿਰਾ ਦਿੱਤਾ, ਪਰ ਹੋਰ ਕਮਰੇ ਨਾ ਮਿਲਣ ਕਾਰਣ ਅਸੀਂ ਹੋਰ ਹੋਟਲ ਦੇਖਣ ਲੱਗ ਗਏ। ਇਸੇ ਸਮੇਂ ਇਕ ਵਾਰ ਫਿਰ ਸਾਡੇ ਕਰਮਾ ਟੀਮ ਦੇ ਸਾਥੀ ਸੁਸ਼ੀਲ ਕਸ਼ਯਪ ਜੀ ਦਾ ਫੋਨ ਆ ਗਿਆ। ਉਹਨਾਂ ਸਾਨੂੰ ਦੱਸਿਆ ਕਿ ਇਥੇ ਕ੍ਰਿਸ਼ਨਾ ਢਾਬੇ ਦੇ ਬਿਲਕੁਲ ਸਾਹਮਣੇ ਕੋਹਲੀ ਹੋਟਲ ਹੈ। ਇਥੇ 1500/- ਵਿਚ ਬਹੁਤ ਚੰਗੇ ਕਮਰੇ ਮਿਲ ਜਾਣਗੇ। ਮੈਂ ਉਹਨਾਂ ਨੂੰ ਥੋੜੀ ਦੇਰ ਬਾਅਦ ਫੋਨ ਕਰਨ ਲਈ ਕਹਿ ਕੇ ਕੋਹਲੀ ਹੋਟਲ ਆ ਗਏ। ਇਥੇ ਅਸੀਂ ਕੋਹਲੀ ਹੋਟਲ ਵਿਚ ਤਿੰਨ ਕਮਰੇ ਬੁੱਕ ਕਰਵਾਏ ਅਤੇ ਆਪਣਾ ਸਮਾਨ ਰੱਖ ਕੇ ਸਾਹਮਣੇ ਕ੍ਰਿਸ਼ਨਾ ਢਾਬੇ ਤੇ ਰੋਟੀ ਖਾਣ ਲਈ ਚਲੇ ਗਏ।
ਕ੍ਰਿਸ਼ਨਾ ਢਾਬਾ ਆਪਣੇ ਕਸ਼ਯਪ ਸਮਾਜ ਦਾ ਹੈ ਅਤੇ ਸ਼੍ਰੀਨਗਰ ਵਿਚ ਬਹੁਤ ਮਸ਼ਹੂਰ ਢਾਬਾ ਹੈ। ਆਮ ਤੌਰ ਤੇ ਕਸ਼ਮੀਰ ਆਉਣ ਵਾਲੇ ਜਿਆਦਾਤਰ ਹਿੰਦੂ ਯਾਤਰੀਆਂ ਦੀ ਪਸੰਦ ਕ੍ਰਿਸ਼ਨਾ ਢਾਬਾ ਹੈ, ਜਿੱਥੇ ਸ਼ੁਧ ਵੈਸ਼ਨੋ ਅਤੇ ਚੰਗੀ ਕਵਾਲਿਟੀ ਦਾ ਖਾਣਾ ਮਿਲਦਾ ਹੈ। ਇਹ ਪਠਾਨਕੋਟ ਤੋਂ ਕਸ਼ਯਪ ਕ੍ਰਾਂਤੀ ਮੈਗਜ਼ੀਨ ਦੇ ਸਾਥੀ ਜਨਤਾ ਫਿਸ਼ ਕੰਪਨੀ ਵਾਲੇ ਸ਼੍ਰੀ ਚਮਨ ਲਾਲ ਜੀ ਦੇ ਕੁੜਮ ਹਨ। ਇਹਨਾਂ ਦੇ ਦਾਮਾਦ ਮੁਨੀਸ਼ ਟਾਕ ਨੇ ਫੋਨ ਕਰਕੇ ਸਾਡੇ ਆਉਣ ਬਾਰੇ ਇਹਨਾਂ ਨੂੰ ਦੱਸ ਦਿੱਤਾ ਸੀ। ਢਾਬੇ ਤੇ ਖਾਣਾ ਖਾਣ ਵਾਲਿਆਂ ਦੀ ਬਹੁਤ ਜਿਆਦਾ ਭੀੜ ਲੱਗੀ ਹੋਈ ਸੀ। ਇਕ ਟੇਬਲ ਉਪਰ ਅਗਲੇ ਬੈਠਣ ਵਾਲੇ ਆਪਣੀ ਵਾਰੀ ਦਾ ਇੰਤਜਾਰ ਕਰ ਰਹੇ ਸੀ। ਕਈ ਯਾਤਰੀ ਬਾਹਰ ਲੱਗੇ ਟੇਬਲਾਂ ਉਪਰ ਖੜੇ ਹੋ ਕੇ ਵੀ ਖਾਣਾ ਖਾ ਰਹੇ ਸੀ। ਸਾਡੇ ਬਾਰੇ ਫੋਨ ਆ ਚੁੱਕਾ ਸੀ ਅਤੇ ਸਾਨੂੰ ਪੂਰੀ ਇੱਜਤ ਨਾਲ ਬਹੁਤ ਜਲਦੀ ਦੋ ਟੇਬਲ ਮਿਲ ਗਏ। ਅਸੀਂ 10 ਮੈਂਬਰਾਂ ਨੇ ਇਥੇ ਗਰਮਾ-ਗਰਮ ਸਵਾਦਿਸ਼ਟ ਖਾਣੇ ਦਾ ਅਨੰਦ ਲਿਆ। ਕ੍ਰਿਸ਼ਨ ਢਾਬੇ ਦੇ ਮਾਲਕ ਸ਼੍ਰੀ ਪਵਨ ਮਹਿਰਾ ਜੀ ਸਾਡੇ ਕੋਲੋਂ ਬਿੱਲ ਨਹੀਂ ਲੈ ਰਹੇ ਸੀ। ਬੜੀ ਮੁਸ਼ਕਲ ਨਾਲ ਅਸੀਂ ਉਹਨਾਂ ਨੂੰ ਬਿੱਲ ਦਾ ਭੁਗਤਾਨ ਕੀਤਾ ਅਤੇ ਡੱਲ ਝੀਲ ਵੱਲ ਗੇੜੀ ਮਾਰਨ ਚੱਲ ਪਏ। ਡੱਲ ਝੀਲ ਦੇ ਅੰਦਰ ਖੜੀਆਂ ਹਾਊਸ ਬੋਟਾਂ ਦੀਆਂ ਲਾਈਟਾਂ ਜਗ ਰਹੀਆਂ ਸੀ, ਜਿਸ ਨਾਲ ਡੱਲ ਝੀਲ ਦੀ ਖੂਬਸੂਰਤੀ ਹੋਰ ਵੀ ਜਿਆਦਾ ਨਿਖਰ ਰਹੀ ਸੀ। ਇਥੇ ਬਹੁਤ ਸਾਰੇ ਸੈਲਾਨੀ ਡੱਲ ਝੀਲ ਦੇ ਕਿਨਾਰੇ ਘੰੁਮ ਰਹੇ ਸੀ। ਰਾਤ ਨੂੰ ਇਹ ਨਜ਼ਾਰਾ ਦੇਖਣ ਯੋਗ ਹੈ। ਜਿਹੜਾ ਵੀ ਇਸ ਖੂਬਸੂਰਤੀ ਨੂੰ ਦੇਖਦਾ ਹੈ ਉਸਦਾ ਮੰਨ ਇਥੇ ਹੀ ਗੁੰਮ ਹੋ ਜਾਂਦਾ ਹੈ। ਥੋੜੀ ਦੇਰ ਘੁੰਮਣ ਤੋਂ ਬਾਅਦ ਅਸੀਂ ਆਪਣੇ ਹੋਟਲ ਦੇ ਕਮਰਿਆਂ ’ਚ ਆ ਗਏ। ਸਵੇਰ ਨੂੰ ਜਲਦੀ ਚੱਲਣ ਦਾ ਪ੍ਰੋਗਰਾਮ ਫਾਈਨਲ ਕਰਕੇ ਅਸੀਂ ਆਪਣੇ-ਆਪਣੇ ਕਮਰੇ ਵਿਚ ਸੋਣ ਲਈ ਚਲੇ ਗਏ। ਹੋਟਲ ਦੇ ਕਮਰੇ ਬਹੁਤ ਸਾਥ ਸੁਥਰੇ ਅਤੇ ਵਧੀਆ ਸਨ। ਦਿਨ ਭਰ ਦੀ ਥਕਾਵਟ ਹੋਣ ਕਰਕੇ ਜਲਦੀ ਦੀ ਨੀਂਦ ਆ ਗਈ।
Day -3, Journey From Srinagar to Baltal Base Camp
14-7-2015 (ਯਾਤਰਾ ਦਾ ਤੀਸਰਾ ਦਿਨ) – 14 ਜੁਲਾਈ ਦੀ ਸਵੇਰੇ ਅਸੀਂ ਸਾਰੇ 5 ਵਜੇ ਉਠ ਗਏ। ਬਾਹਰ ਮੌਸਮ ਬਹੁਤ ਸ਼ਾਨਦਾਰ ਸੀ। ਫਟਾਫਟ ਤਿਆਰ ਹੋ ਕੇ ਹੋਟਲ ’ਚੋਂ ਹੀ ਗਰਮਾ-ਗਰਮ ਚਾਾਹ ਨਾਲ ਡਰਾਈ ਫਰੂਟ ਖਾ ਕੇ ਅਸੀਂ ਜਾਣ ਦੀ ਤਿਆਰੀ ਕਰ ਲਈ। ਬਾਕੀ ਸਾਥੀਆਂ ਨੂੰ ਵੀ ਡੱਲ ਝੀਲ ਤੇ ਇਕੱਠੇ ਹੋਣ ਲਈ ਫੋਨ ਕਰ ਦਿੱਤਾ। ਰਾਤ ਦੀ ਡੱਲ ਝੀਲ ਅਤੇ ਸਵੇਰ ਦੀ ਡੱਲ ਝੀਲ ਵਿਚ ਜਮੀਨ-ਅਸਮਾਨ ਦਾ ਫਰਕ ਦੇਖਣ ਨੂੰ ਮਿਲਿਆ, ਪਰ ਦੋਵੇਂ ਨਜ਼ਾਰੇ ਵੱਖਰੇ ਸਨ। ਡੱਲ ਝੀਲ ਦੇ ਸਾਹਮਣੇ ਪਹਾੜਾਂ ਦੀ ਖੂਬਸੂਰਤੀ ਨਜ਼ਰ ਆ ਰਹੀ ਸੀ। ਸਾਥੀਆਂ ਦਾ ਇੰਤਜਾਰ ਕਰਨ ਲਈ ਅਸੀਂ ਥੋੜੀ ਜਿਹੀ ਫੋਟੋਗਰਾਫੀ ਵੀ ਕਰ ਲਈ। ਪਰ ਜਦੋਂ ਪਤਾ ਲੱਗਾ ਕਿ ਸਾਡੇ ਸਾਥੀ ਤਾਂ ਸਾਡੇ ਤੋਂ ਅੱਗੇ ਨਿਕਲ ਗਏ ਹਨ ਤਾਂ ਅਸੀਂ ਵੀ ਆਪਣੀਆਂ ਗੱਡੀਆਂ ਦੌੜਾ ਲਈਆਂ। ਡੱਲ ਝੀਲ ਦੇ ਨਾਲ ਨਾਲ ਕਰੀਬ 10 ਕਿ.ਮੀ. ਦਾ ਸਫਰ ਕਰਕੇ ਸੜਕ ਕਾਰਗਿਲ ਵਾਲੇ ਰਾਸਤੇ ਨੂੰ ਮੁੜ ਗਈ। ਰਾਸਤੇ ’ਚ ਗੰਦਰਬਲ ਦਾ ਇਲਾਕਾ ਪਾਰ ਕਰਨ ਸਮੇਂ 50/- ਦਾ ਟੋਲ ਟੈਕਸ ਵਸੂਲਦੇ ਹਨ। ਗੰਦਰਬਲ ਪਾਰ ਕਰਕੇ ਥੋੜੀ ਦੂਰ ਮਣੀਗਾਮ ਤੋਂ ਸਿੰਧ ਨਦੀ ਸੜਕ ਦੇ ਨਾਲ ਜੁੜ ਜਾਂਦੀ ਹੈ। ਸਾਡੇ ਸਾਥੀ ਇਥੇ ਰੁਕ ਕੇ ਚਾਹ ਨਾਸ਼ਤਾ ਕਰ ਰਹੇ ਸਨ। ਇਥੇ ਸਾਰੇ ਥੋੜਾ ਜਿਹੇ ਫਰੈਸ਼ ਹੋਏ ਅਤੇ ਹਲਕਾ ਜਿਹਾ ਨਾਸ਼ਤਾ ਵੀ ਕੀਤਾ। ਇਥੇ ਹੀ ਸਿੰਧ ਨਦੀ ਦੇ ਪਿੱਛੇ ਪਹਾੜ ਅਤੇ ਸੜਕ ਦੇ ਕਿਨਾਰੇ ਚੀੜ ਦੇ ਦਰਖਤਾਂ ਦੀ ਖੂਬਸੂਰਤੀ ਨੇ ਸਾਰਿਆਂ ਨੂੰ ਫੋਟੋ ਖਿਚਵਾਣ ਲਈ ਮਜਬੂਰ ਕਰ ਦਿੱਤਾ। ਥੋੜੀ ਦੇਰ ਬਾਅਦ ਹੀ ਗੱਡੀਆਂ ਨੇ ਫਿਰ ਬਾਲਟਾਲ ਵਾਸਤੇ ਰਫਤਾਰ ਫੜ ਲਈ। ਰਾਸਤੇ ’ਚ ਆਰਮੀ ਵਾਲੀਆਂ ਕਈ ਗੱਡੀਆਂ ਮਿਲੀਆਂ ਜੋ ਕਾਰਗਿਲ ਅਤੇ ਲੇਹ-ਲਦਾਖ ਵੱਲ ਜਾ ਰਹੀਆਂ ਸਨ। ਇਹ ਰਾਸਤੇ ਸਿਰਫ਼ 6 ਮਹੀਨੇ ਹੀ ਖੁੱਲਦਾ ਹੈ ਅਤੇ ਇਸੇ ਦੌਰਾਨ ਸਾਰਾ ਰਾਸ਼ਨ ਉਥੇ ਪਹੁੰਚਾਇਆ ਜਾਂਦਾ ਹੈ। ਤੇਲ ਦੇ ਕਈ ਟੈਂਕਰ ਵੀ ਜਾ ਰਹੇ ਸਨ। ਥੋੜੀ ਦੇਰ ਬਾਅਦ ਹੀ ਅਸੀਂ ਸੋਨਾਮਾਰਗ ਦੀਆਂ ਹਸੀਨ ਵਾਦੀਆਂ ’ਚ ਦਾਖਲ ਹੋ ਗਏ। ਇਹਨਾਂ ਹਸੀਨ ਵਾਦੀਆਂ ਨੂੂੰ ਦੇਖ ਕੇ ਇਨਸਾਨ ਇਕ ਵਾਰ ਤਾਂ ਕੁਦਰਤ ਦਾ ਧੰਨਵਾਦ ਕਰਦਾ ਹੈ ਕਿ ਪ੍ਰਮਾਤਮਾ ਨੇ ਕਿੰਨੀ ਸੁੰਦਰ ਦੁਨੀਆ ਬਣਾਈ ਹੈ। 10 ਕੁ ਮਿਨਟ ਦਾ ਸਮਾਂ ਮਿਲਿਆਂ ਤਾਂ ਕੈਮਰੇ ’ਚ ਇਥੋਂ ਦੀ ਖੂਬਸੂਰਤੀ ਨੂੰ ਆਪਣੀਆਂ ਯਾਦਾਂ ਲਈ ਸੰਜੋ ਲਿਆ। ਸੋਨਾਮਾਰਗ ਤੋਂ ਬਾਲਟਾਲ ਦੀ ਦੂਰੀ 13 ਕਿ.ਮੀ. ਰਹਿ ਜਾਂਦੀ ਹੈ। ਇਥੇ ਵੀ ਲੋਕਲ ਬਾਡੀ 50/- ਦਾ ਟੋਲ ਟੈਕਸ ਵਸੂਲ ਕਰਦੀ ਹੈ। ਥੋੜੀ ਅੱਗੇ ਜਾ ਕੇ ਸ਼੍ਰੀ ਅਮਰਨਾਥ ਯਾਤਰੀਆਂ ਦੇ ਜਾਣ ਦਾ ਰਾਸਤਾ ਮੇਨ ਸੜਕ ਤੋਂ ਅਲੱਗ ਹੋ ਜਾਂਦਾ ਹੈ। ਇਸ ਰਾਸਤੇ ’ਚ ਵੀ ਕਈ ਬਹੁਤ ਹੀ ਸੁੰਦਰ ਕੁਦਰਤੀ ਨਜ਼ਾਰੇ ਹਨ। ਇਥੇ ਹੀ ਨੀਲਗਰਾਠ ਇਲਾਕੇ ’ਚ ਹੈਲੀਪੈਡ ਬਣਿਆ ਹੋਇਆ ਹੈ ਜਿਥੋਂ ਪੰਜਤਰਨੀ ਤੱਕ ਹੈਲੀਕੋਪਟਰ ਚੱਲਦੇ ਹਨ। ਇੱਥੇ ਆਰਮੀ ਦੀ ਪੋਸਟ ਬਣੀ ਹੋਈ ਹੈ, ਜਿੱਥੇ ਆਰਮੀ ਵਾਲੇ ਸਾਰੀਆਂ ਗੱਡੀਆਂ ਦੀ ਚੈਕਿੰਗ ਕਰਦੇ ਹਨ। ਸਵਾਰੀਆਂ ਉਤਾਰ ਕੇ ਸਮਾਨ ਚੈਕ ਕੀਤਾ ਜਾਂਦਾ ਹੈ। ਅਸੀਂ ਵੀ ਆਪਣੀਆਂ ਗੱਡੀਆਂ ਚੈਕ ਕਰਵਾ ਕੇ ਅੱਗੇ ਵਧੇ।
ਇਥੋਂ ਦੀ ਖੂਬਸੂਰਤੀ ਨੂੰ ਸ਼ਬਦਾਂ ’ਚ ਬਿਆਨ ਕਰਨਾ ਮੁਸ਼ਕਲ ਹੈ, ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ ਹੈ। ਰਾਸਤੇ ਵਿਚ ਇਕ ਜਗਹ ਰੁਕ ਕੇ ਅਸੀਂ ਕੁਦਰਤ ਦੀ ਇਸ ਸੁੰਦਰਤਾ ਨਾਲ ਆਪਣੇ ਆਪ ਨੂੰ ਇਕਮਿਕ ਕਰਦੇ ਹੋਏ ਇਥੋਂ ਦੀਆਂ ਯਾਦਾਂ ਨੂੰ ਆਪਣੇ ਮੋਬਾਈਲ ਅਤੇ ਕੈਮਰੇ ਵਿਚ ਹਮੇਸ਼ਾ ਲਈ ਸੰਜੋ ਲਿਆ। ਇਥੇ ਨਾਲ ਵਹਿੰਦੀ ਹੋਈ ਨੀਲੇ ਪਾਣੀ ਦੀ ਨਦੀ ਬਹੁਤ ਹੀ ਸੁੰਦਰ ਦਿਖਾਈ ਦੇ ਰਹੀ ਸੀ। ਥੋੜਾ ਸਮਾਂ ਇਥੇ ਬਿਤਾ ਕੇ ਅਸੀਂ ਗੱਡੀਆਂ ਬਾਲਟਾਲ ਵੱਲ ਵਧਾ ਦਿੱਤੀਆਂ। ਥੋੜੀ ਦੇਰ ’ਚ ਹੀ ਅਸੀਂ ਬਾਲਟਾਲ ਪਹੁੰਚ ਗਏ। ਇਥੇ ਗੱਡੀਆਂ ਦੀ ਬਹੁਤ ਵੱਡੀ ਪਾਰਕਿੰਗ ਬਣੀ ਹੋਈ ਹੈ। ਬਹੁਤ ਸਾਰੇ ਸ਼ਰਧਾਲੂ ਯਾਤਰਾ ਕਰਕੇ ਵਾਪਸ ਆ ਰਹੇ ਸੀ ਅਤੇ ਬਹੁਤ ਸਾਰੇ ਦਰਸ਼ਨ ਕਰਨ ਨੂੰ ਜਾ ਰਹੇ ਸੀ। ਅਸੀਂ ਆਪਣੀਆਂ ਗੱਡੀਆਂ ਸਾਈਡ ’ਤੇ ਰੋਕ ਲਈਆਂ ਕਿਉਂਕਿ ਸਾਡੀਆਂ ਗੱਡੀਆਂ ਅੱਗੇ ਲੰਗਰ ਵਾਲਿਆਂ ਦੇ ਬੇਸ ਕੈਂਪ ਤੱਕ ਜਾਣੀਆਂ ਸੀ। ਸਾਡੇ ਟੀਮ ਕਮਾਂਡਰ ਰਾਕੇਸ਼ ਮਾਲੜਾ ਜੀ ਆਪਣੇ ਜਾਣਕਾਰ ਸੀ.ਆਰ.ਪੀ.ਐਫ. ਦੇ ਅਫਸਰ ਸ਼੍ਰੀ ਵਿਕਾਸ ਚੌਧਰੀ ਨਾਲ ਗੱਲ ਕਰ ਰਹੇ ਸੀ। 15 ਕੁ ਮਿਨਟ ਬਾਅਦ ਸੀ.ਆਰ.ਪੀ.ਐਫ. ਦਾ ਇਕ ਜਵਾਨ ਆ ਗਿਆ ਅਤੇ ਸਾਡੀਆਂ ਗੱਡੀਆਂ ਨੂੰ ਬੈਰੀਅਰ ਪਾਰ ਕਰਵਾ ਕੇ ਅੱਗੇ ਲੈ ਗਿਆ। ਅਸੀਂ ਨਦੀ ਦੇ ਬਣੇ ਹੋਏ ਤਾਰਾਂ ਵਾਲੇ ਪੁਲ ਨੂੰ ਪਾਰ ਕਰਦੇ ਹੋਏ ਓਮ ਸ਼ਿਵ ਸ਼ੰਕਰ ਸੇਵਾ ਮੰਡਲ (ਰਜਿ.) ਦੇ ਲੰਗਰ ਦੇ ਬੇਸ ਕੈਂਪ ਤੱਕ ਪਹੁੰਚ ਗਏ। ਰਾਕੇਸ਼ ਮਾਲੜਾ ਦੇ ਪਿਤਾ ਸ਼੍ਰੀ ਸਵਰਨਜੀਤ ਮਾਲੜਾ ਜੀ ਇਸ ਸੰਸਥਾ ਦੇ ਪ੍ਰਧਾਨ ਹਨ ਜਿਹੜੇ ਕਿ ਪਿਛਲੇ 21 ਸਾਲਾਂ ਤੋਂ ਇਥੇ ਲੰਗਰ ਲਗਾ ਰਹੇ ਹਨ। ਇਸ ਕੈਂਪ ’ਚ ਸ਼੍ਰੀ ਮੰਗਤ ਰਾਮ ਅਤੇ ਇੰਦਰਜੀਤ ਜੀ ਸਾਰੇ ਪ੍ਰਬੰਧ ਦੇਖਦੇ ਹਨ। ਇਹਨਾਂ ਨੇ ਸਾਨੂੰ ਫਟਾਫਟ ਗਰਮਾ-ਗਰਮ ਨਾਸ਼ਤਾ ਕਰਵਾਇਆ। ਨਾਸ਼ਤੇ ਤੋਂ ਬਾਅਦ ਇਹਨਾਂ ਸਾਡੇ ਗੁਫਾ ਤੱਕ ਜਾਣ ਵਾਸਤੇ ਘੋੜਿਆਂ ਦਾ ਪ੍ਰਬੰਧ ਕਰ ਦਿੱਤਾ। ਥੋੜੇ ਮੈਂਬਰ ਪੈਦਲ ਯਾਤਰਾ ਕਰਨਾ ਚਾਹੁੰਦੇ ਸਨ। ਪੈਦਲ ਯਾਤਰਾ ਕਰਨ ਵਾਲਿਆਂ ਨੂੰ ਇਹਨਾਂ ਦੀ ਜੀਪ ਵਿਚ ਬਿਠਾ ਕੇ ਯਾਤਰਾ ਦੇ ਪਹਿਲੇ ਪੜਾਅ ਡੋਮੇਲ ਗੇਟ ਤੱਕ ਛੱਡਣ ਦਾ ਪ੍ਰਬੰਧ ਕੀਤਾ ਗਿਆ। ਜਦੋਂ ਜੀਪ ਸ਼ਰਧਾਲੂਆਂ ਨੂੰ ਲੈ ਕੇ ਡੋਮੇਲ ਗੇਟ ਤੱਕ ਪਹੁੰਚੀ ਤਾਂ ਪਤਾ ਲੱਗਾ ਕਿ ਹੁਣ ਦੁਪਹਿਰ ਦੇ 12 ਵਜ ਚੁੱਕੇ ਹਨ ਅਤੇ ਇਥੋਂ ਯਾਤਰਾ ਦੀ ਐਂਟਰੀ ਸਵੇਰੇ 11 ਵਜੇ ਤੱਕ ਹੀ ਹੁੰਦੀ ਹੈ। ਇਸ ਤੋਂ ਬਾਅਦ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਅੱਗੇ ਜਾਣ ਵਾਲੀ ਯਾਤਰਾ ਬੰਦ ਕਰ ਦਿੱਤੀ ਜਾਂਦੀ ਹੈ। ਲੇਟ ਹੋਣ ਕਰਕੇ ਅਸੀਂ ਅੱਜ ਯਾਤਰਾ ਨਹੀਂ ਕਰ ਸਕੇ ਅਤੇ ਵਾਪਸ ਆਪਣੇ ਬੇਸ ਕੈਂਪ ਵਿਚ ਮੁੜ ਆਏ। ਕਈ ਸਾਥੀ ਅਰਾਮ ਕਰਨ ਦੇ ਚਾਹਵਾਨ ਸੀ ਜਦਕਿ ਅਸੀਂ ਇਥੋਂ ਦੀ ਖੂਬਸੂਰਤੀ ਅਤੇ ਯਾਤਰਾ ਵਾਲੇ ਲੰਗਰਾਂ ਦੇ ਪ੍ਰਬੰਧ ਦੇਖਣ ਦੇ ਚਾਹਵਾਨ ਸੀ। ਅਸੀਂ ਛੇ ਮੈਂਬਰ ਨਰਿੰਦਰ ਕਸ਼ਯਪ, ਮੀਨਾਕਸ਼ੀ ਕਸ਼ਯਪ, ਸੰਦੀਪ ਗਰਗ, ਰੈਣੂ, ਰਮਨ ਅਤੇ ਅਮਿਤ ਪਹਿਲਾਂ ਤਾਂ ਬਾਲਟਾਲ ਵਾਲੀ ਪਾਰਕਿੰਗ ਵੱਲ ਗਏ। ਇਥੇ ਰਾਸਤੇ ’ਚ ਸ਼ਰਧਾਲੂਆਂ ਵਾਸਤੇ ਬਹੁਤ ਸਾਰੇ ਲੰਗਰ ਲੱਗੇ ਹੋਏ ਹਨ ਅਤੇ ਬਜ਼ਾਰ ਵੀ ਸਜਿਆ ਹੋਇਆ ਹੈ। ਯਾਤਰਾ ਦੀ ਜਰੂਰਤ ਦਾ ਹਰ ਸਮਾਨ, ਐਸ.ਟੀ.ਡੀ., ਬੀ.ਐਸ.ਐਨ.ਐਲ.ਦੇ ਯਾਤਰਾ ਸਿਮ ਕਾਰਡ ਇਥੋਂ ਮਿਲ ਰਹੇ ਸੀ। ਅਸੀਂ ਵੀ ਟਾਈਮ ਪਾਸ ਕਰਨ ਲਈ ਇਕ ਤਾਸ਼ ਦੀ ਡੱਬੀ ਖਰੀਦ ਲਈ। ਰਾਸਤੇ ਵਿਚ ਅਸੀਂ ਜਲੰਧਰ ਵਾਲਿਆਂ ਦੇ ਲੰਗਰ ਤੋਂ ਸਵਾਦਿਸ਼ਟ ਲੰਗਰ, ਭੱਲੇ ਚਾਟ, ਰਸਮਲਾਈ ਆਦਿ ਦਾ ਸਵਾਦ ਮਾਣਿਆ। ਇਥੇ ਜਾਣ ਵਾਲੇ ਯਾਤਰੀਆਂ ਲਈ ਅਲੱਗ ਰਾਸਤਾ ਸੀ ਅਤੇ ਯਾਤਰਾ ਤੋਂ ਵਾਪਸ ਆਉਣ ਵਾਲਿਆਂ ਦਾ ਅਲੱਗ ਰਾਸਤਾ ਸੀ। ਜਾਣ ਵਾਲੇ ਰਾਸਤੇ ਦੇ ਅੰਦਰ ਵੀ ਲੰਗਰ ਲੱਗੇ ਹੋਏ ਸਨ।
ਸਿੰਧ ਨਦੀ ਦੇ ਕਿਨਾਰੇ ਹੀ ਸਾਰੇ ਲੰਗਰ ਵਾਲਿਆਂ ਦੇ ਬੇਸ ਕੈਂਪ ਲੱਗੇ ਹੋਏ ਹਨ। ਅਸੀਂ ਨਦੀ ਤੇ ਬਣੇ ਪੁਲ ਨੂੰ ਪਾਰ ਕਰਕੇ ਕੁਦਰਤ ਦੀ ਸੁੰਦਰਤਾ ਨੂੰ ਨਿਹਾਰਨ ਦਾ ਆਪਣਾ ਲਾਲਚ ਛੱਡ ਨਾ ਸਕੇ। ਜਦੋਂ ਅਸੀਂ ਵਾਪਸ ਆਏ ਤਾਂ ਪਾਣੀ ਬਹੁਤ ਚੜ ਚੁੱਕਾ ਸੀ ਅਤੇ ਉਸਦਾ ਬਹਾਵ ਵੀ ਕਾਫੀ ਤੇਜ ਸੀ। ਫਿਰ ਵਾਪਸ ਕੈਂਪ ਵਿਚ ਆਏ ਤਾਂ ਕਈ ਮੈਂਬਰ ਇਕੱਠੇ ਹੋ ਗਏ ਅਤੇ ਤਾਸ਼ ਵਿਚ ਭਾਬੀ ਦੀ ਬਾਜੀ ਲੱਗ ਗਈ। ਜਿੱਥੇ ਪਹਿਲਾਂ 6-7 ਮੈਂਬਰ ਸੀ ਹੌਲੀ ਹੌਲੀ 10 ਮੈਂਬਰ ਹੋ ਗਏ ਅਤੇ ਖੂਬ ਹਾਸੇ-ਮਜ਼ਾਕ ਵਿਚ ਅਸੀਂ 2 ਘੰਟੇ ਤਾਸ਼ ਖੇਡਦੇ ਰਹੇ। ਸ਼ਾਮ ਨੂੰ ਮੈਂ (ਨਰਿੰਦਰ ਕਸ਼ਯਪ) ਅਤੇ ਰਾਕੇਸ਼ ਮਾਲੜਾ ਸਾਡੇ ਦੋਸਤ ਸ਼੍ਰੀ ਭਾਰਤ ਭੂਸ਼ਣ ਭਾਰਤੀ ਦੀ ਅਗਵਾਈ ਵਾਲੀ ਸੰਸਥਾ ਸ਼੍ਰੀ ਭੋਲੇ ਭੰਡਾਰੀ ਚੈਰੀਟੇਬਲ ਟਰੱਸਟ (ਰਜਿ.) ਲੁਧਿਆਣਾ ਵਾਲੇ ਲੰਗਰ ਦੇ ਬੇਸ ਕੈਂਪ ਤੇ ਗਏ। ਭਾਰਤੀ ਜੀ ਨੇ ਵੀ ਇਥੇ ਸਾਡੇ ਆਉਣ ਬਾਰੇ ਫੋਨ ਕੀਤਾ ਹੋਇਆ ਸੀ ਕਿ ਸਾਡੇ ਰੁਕਣ ਦਾ ਪ੍ਰਬੰਧ ਕਰਨਾ ਹੈ। ਇਥੋਂ ਦੇ ਪ੍ਰਬੰਧ ਦੇਖ ਰਹੇ ਸ਼੍ਰੀ ਨੇਗੀ ਜੀ ਨੇ ਸਾਡੀ ਖੂਬ ਆਓ-ਭਗਤ ਕੀਤੀ ਅਤੇ ਸਾਨੂੰ ਰਾਤ ਠਹਿਰਨ ਵਾਸਤੇ ਕਿਹਾ। ਅਸੀਂ ਨੇਗੀ ਜੀ ਨੂੰ ਦੱਸਿਆ ਕਿ ਸਾਡਾ ਰੁਕਣ ਦਾ ਪ੍ਰਬੰਧ ਓਮ ਸ਼ਿਵ ਸ਼ੰਕਰ ਸੇਵਾ ਮੰਡਲ ਵਾਲੇ ਕੈਂਪ ਵਿਚ ਹੋ ਗਿਆ ਹੈ ਅਤੇ ਅਸੀਂ ਸਾਰੇ ਮੈਂਬਰ ਉਥੇ ਹੀ ਰੁਕੇ ਹੋਏ ਹਾਂ। ਜੇਕਰ ਕੋਈ ਜਰੂਰਤ ਹੋਈ ਤਾਂ ਅਸੀਂ ਜਰੂਰ ਤੁਹਾਡੇ ਕੋਲ ਆ ਜਾਵਾਂਗੇ। ਓਮ ਸ਼ਿਵ ਸ਼ੰਕਰ ਸੇਵਾ ਮੰਡਲ ਦੇ ਕੈਂਪ ਵਿਚ ਰਾਕੇਸ਼ ਮਾਲੜਾ ਜੀ ਦੇ ਕਾਰਣ ਸਾਡੇ ਸਾਰੇ ਗਰੁੱਪ ਦੀ ਬਹੁਤ ਸੇਵਾ ਕਰ ਰਹੇ ਸੀ। ਜਿਸ ਵੀ ਮੈਂਬਰ ਨੇ ਜੋ ਵੀ ਖਾਣ-ਪੀਣ ਦੀ ਫਰਮਾਇਸ਼ ਕੀਤੀ, ਕੈਂਪ ਵਾਲਿਆਂ ਨੇ ਉਹਨਾਂ ਨੂੰ ਬਣਾ ਕੇ ਦਿੱਤਾ। ਗਰਮ ਚਾਹ, ਫਰੂਟੀ, ਪਾਣੀ ਦੀ ਬੋਤਲ, ਦੁਪਹਿਰ ਦਾ ਖਾਣਾ, ਪਰਾਂਠੇ, ਚਾਹ ਨਾਲ ਸਨੈਕਸ ਆਦਿ ਫਟਾਫਟ ਤਿਆਰ ਹੋ ਕੇ ਮਿਲਦੇ ਰਹੇ। ਇਥੇ ਸਬਜ਼ੀਆਂ ਵਾਲੇ ਤਾਜ਼ੀਆਂ ਸਬਜ਼ੀਆਂ ਵੇਚਣ ਨੂੰ ਕੈਂਪਾਂ ਵਿਚ ਆ ਜਾਂਦੇ ਹਨ ਅਤੇ ਲੰਗਰ ਵਾਲੇ ਆਪਣੀ ਜਰੂਰਤ ਅਨੁਸਾਰ ਖਰੀਦ ਲੈਂਦੇ ਹਨ। ਸ਼ਾਮ ਨੂੰ ਅਸੀਂ ਯਾਤਰਾ ਵਾਲੇ ਰਾਸਤੇ ’ਤੇ ਗਏ ਜਿੱਥੇ ਬਹੁਤ ਸਾਰੇ ਲੰਗਰ ਲੱਗੇ ਹੋਏ ਸਨ। ਰਾਤ ਨੂੰ ਚੰਦ ਦੀ ਚਾਨਣੀ ਵਿਚ ਸਾਰੇ ਲੰਗਰ ਬੱਲਬਾਂ ਅਤੇ ਟਿਊਬਾਂ ਦੀ ਰੰਗ ਬਿਰੰਗੀ ਰੋਸ਼ਨੀ ਵਿਚ ਹੋਰ ਵੀ ਜਿਆਦਾ ਸੁੰਦਰ ਦਿਖਾਈ ਦੇ ਰਹੇ ਸੀ। ਬਹੁਤ ਸਾਰੇ ਲੰਗਰਾਂ ਦੇ ਅੰਦਰ ਪੰਡਾਲ ਵਿਚ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਸੀ। ਇਥੇ ਭਗਵਾਨ ਸ਼ਿਵ, ਪਾਰਵਤੀ, ਕਾਲੀ ਮਾਂ ਦਾ ਰੂਪ ਬਣੇ ਹੋਏ ਕਲਾਕਾਰ ਵੱਖ-ਵੱਖ ਝਾਂਕੀਆਂ ਪੇਸ਼ ਕਰ ਰਹੇ ਸੀ। ਇਹਨਾਂ ਝਾਂਕੀਆਂ ਨੂੰ ਦੇਖ ਕੇ ਮਨ ਭੋਲੇ ਸ਼ੰਕਰ ਦੇ ਚਰਨਾਂ ਵੱਲ ਚਲਾ ਜਾਂਦਾ ਹੈ। ਜੈਪੁਰ ਵਾਲੇ ਭੰਡਾਰੇ ਵੱਲੋਂ ਹਰ ਤਰ੍ਹਾਂ ਦੀ ਅਨਾਉਂਸਮੈਂਟ ਕੀਤੀ ਜਾ ਰਹੀ ਸੀ। ਰਾਤ ਦੇ ਸਮੇਂ ਬਹੁਤ ਸਾਰੇ ਯਾਤਰੀ ਦਰਸ਼ਨ ਕਰਕੇ ਵਾਪਸ ਆ ਰਹੇ ਸੀ। ਅਸੀਂ ਬੁਢਲਾਡਾ ਵਾਲਿਆਂ ਦੇ ਲੰਗਰ ਤੋਂ ਆਪਣੀ ਜਰੂਰਤ ਅਨੁਸਾਰ ਲੰਗਰ ਛਕਿਆ। ਲੰਗਰ ਵਾਲੇ ਬਹੁਤ ਹੀ ਸ਼ਰਧਾ ਅਤੇ ਪਿਆਰ ਨਾਲ ਯਾਤਰੀਆਂ ਦੀ ਸੇਵਾ ਕਰਦੇ ਹਨ। ਹਰੇਕ ਲੰਗਰ ਵਿਚ ਕਈ ਤਰ੍ਹਾਂ ਦੀਆਂ ਆਈਟਮਾਂ ਖਾਣ ਵਾਸਤੇ ਬਣਾਈਆਂ ਜਾਂਦੀਆਂ ਹਨ। ਇਥੇ ਅਸੀਂ ਸਰੋਂ ਦੇ ਸਾਗ ਨਾਲ ਜਰੂਰਤ ਤੋਂ ਜਿਆਦਾ ਲੰਗਰ ਖਾ ਲਿਆ ਕਿਉਂਕਿ ਸਾਗ ਬਹੁਤ ਜਿਆਦਾ ਸਵਾਦ ਸੀ ਅਤੇ ਇਸਦੇ ਨਾਲ ਦਾ ਸਾਗ ਅਸੀਂ ਪਹਿਲਾਂ ਕਦੇ ਨਹੀਂ ਖਾਧਾ ਸੀ। ਇਥੇ ਯਾਤਰੀਆਂ ਦੀ ਸੇਵਾ ਕਰਨ ਵਾਲੀਆਂ ਸੰਸਥਾਵਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਜਾਂਦੇ ਹਨ। ਦੁਪਹਿਰ ਨੂੰ ਜਿੱਥੇ ਵੱਖ-ਵੱਖ ਤਰ੍ਹਾਂ ਦੇ ਸਨੈਕਸ ਜਿਵੇਂ ਕਿ ਗੋਲ-ਗੱਪੇ, ਟਿੱਕੀ, ਨੂਡਲਸ, ਮੋਮੋਜ਼, ਮਨਚੂਰੀਅਨ, ਚਾਟ, ਦਹੀ ਭੱਲਾ ਆਦਿ ਜੋ ਵੀ ਸੋਚਿਆ ਜਾ ਸਕਦਾ ਹੈ, ਦੇ ਲੰਗਰ ਲੱਗੇ ਹੋਏ ਸਨ ਜਦਕਿ ਰਾਤ ਨੂੰ ਵਧੀਆ ਖਾਣੇ ਦਾ ਪ੍ਰਬੰਧ ਸੀ। ਯਾਤਰੀਆਂ ਦੇ ਲੰਗਰ ਖਾਣ ਲਈ ਬੈਠਣ ਦਾ ਪੂਰਾ ਅਤੇ ਵਧੀਆ ਪ੍ਰਬੰਧ ਹੰਦਾ ਹੈ। ਤਵੇ ਦੀ ਰੋਟੀ, ਤੰਦੂਰੀ ਰੋਟੀ, ਪਰਾਂਠਾ, ਚਾਵਲ, ਵੱਖ-ਵੱਖ ਸਬਜ਼ੀਆਂ, ਗਰਮ ਕੇਸਰ ਵਾਲਾ ਦੁੱਧ, ਖੀਰ, ਡਰਾਈ ਫਰੂਟ ਆਦਿ ਦੇ ਲੰਗਰ ਯਾਤਰੀਆਂ ਵਾਸਤੇ ਹੁੰਦੇ ਹਨ। ਜਦੋਂ ਅਸੀਂ ਵਾਪਸ ਆਪਣੇ ਕੈਂਪ ਵਿਚ ਆਏ ਤਾਂ ਸਾਡੇ ਕਮਾਂਡਰ ਰਾਕੇਸ਼ ਮਾਲੜਾ ਨੇ ਦੱਸਿਆ ਕਿ ਸ਼੍ਰੀ ਵਿਕਾਸ ਚੌਧਰੀ ਰਾਤ ਦਾ ਖਾਣਾ ਸਾਡੇ ਨਾਲ ਖਾਣ ਆ ਰਹੇ ਹਨ। ਰਾਤ 9.30 ਵਜੇ ਦੇ ਕਰੀਬ ਵਿਕਾਸ ਚੌਧਰੀ ਜੀ ਆਪਣੀ ਟੀਮ ਨਾਲ ਕੈਂਪ ਵਿਚ ਆਏ ਅਤੇ ਸਾਡੇ ਸਾਥੀਆਂ ਨਾਲ ਡਿਨਰ ਕੀਤਾ। ਇਸ ਦੌਰਾਨ ਉਹਨਾਂ ਨਾਲ ਇਤੇ ਸੇਨਾ ਅਤੇ ਸੀ.ਆਰ.ਪੀ.ਐਫ. ਦੇ ਸਹਿਯੋਗ ਅਤੇ ਪ੍ਰਬੰਧਾਂ ਬਾਰੇ ਚਰਚਾ ਹੋਈ। ਲੰਗਰ ਕਮੇਟੀਆਂ ਅਤੇ ਸਥਾਨਕ ਲੋਕਾਂ ਵਿਚ ਹੋਣ ਵਾਲੀ ਝੜਪ ਬਾਰੇ ਵੀ ਚਰਚਾ ਹੋਈ। ਵਿਕਾਸ ਚੌਧਰੀ ਨੇ ਦੱਸਿਆ ਕਿ ਥੋੜੇ ਜਿਹੇ ਸ਼ਰਾਰਤੀ ਲੋਕ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਪ੍ਰਸ਼ਾਸਨ ਨੇ ਪੂਰੇ ਇੰਤਜਾਮ ਕੀਤੇ ਹੋਏ ਹਨ। ਇਸ ਕਰਕੇ ਯਾਤਰੀਆਂ ਅਤੇ ਲੰਗਰ ਕਮੇਟੀਆਂ ਨੂੰ ਕੋਈ ਮੁਸ਼ਕਲ ਨਹੀਂ ਹੁੰਦੀ। ਵੱਖ-ਵੱਖ ਸਮੇਂ ਤੇ ਪ੍ਰਸ਼ਾਸਨ ਵਾਲੇ ਇਥੇ ਲੰਗਰ ਦਾ ਪ੍ਰਬੰਧ ਦੇਖ ਰਹੇ ਪ੍ਰਬੰਧਕਾਂ ਨਾਲ ਮੀਟਿੰਗਾਂ ਕਰਦੇ ਰਹਿੰਦੇ ਹਨ ਅਤੇ ਉਹਨਾਂ ਕੋਲੋਂ ਫੀਡ ਬੈਕ ਲੈਂਦੇ ਹਨ। ਇਕ ਘੰਟੇ ਬਾਅਦ ਉਹ ਸਾਡੇ ਕੋਲੋਂ ਵਿਦਾਈ ਲੈ ਕੇ ਰਵਾਨਾ ਹੋਏ।
ਇਸੇ ਦੌਰਾਨ ਲੰਗਰ ਦੇ ਪ੍ਰਬੰਧਕ ਮੰਗਤ ਰਾਮ ਜੀ ਨੇ ਸਾਡੇ ਸਵੇਰੇ ਯਾਤਰਾ ’ਤੇ ਜਾਣ ਵਾਸਤੇ ਘੋੜਿਆਂ ਦਾ ਪ੍ਰਬੰਧ ਕਰ ਦਿੱਤਾ। ਇਥੋਂ ਲੰਗਰ ਵਾਲਿਆਂ ਦਾ ਸਮਾਨ ਲੈ ਕੇ ਜਾਣ ਵਾਲੇ ਠੇਕੇਦਾਰ ਇਹਨਾਂ ਦੇ ਜਾਣਕਾਰ ਹਨ ਅਤੇ ਉਹਨਾਂ ਸਵੇਰੇ 5 ਵਜੇ ਆਉਣ ਦਾ ਕਹਿ ਦਿੱਤਾ। ਰਾਤ ਨੂੰ ਕਈ ਹੋਰ ਸਾਥੀ ਵੀ ਯਾਤਰਾ ਕਰਕੇ ਕੈਂਪ ਵਿਚ ਆ ਗਏ। ਕੈਂਪ ਵਿਚ ਕਿਸੇ ਵੀ ਬਾਹਰੀ ਯਾਤਰੀ ਨੂੰ ਠਹਿਰਾਣ ਦੀ ਮਨਾਹੀ ਹੈ, ਸਿਰਫ ਜਾਣਕਾਰ ਹੀ ਰਾਤ ਰੁਕ ਸਕਦੇ ਹਨ। ਫਿਰ ਵੀ ਪ੍ਰਸ਼ਾਸਨ ਦੇ ਹਰੇਕ ਲੰਗਰ ਵਾਲਿਆਂ ਨੂੰ 50 ਯਾਤਰੀਆਂ ਵਾਸਤੇ ਐਮਰਜੈਂਸੀ ਪ੍ਰਬੰਧ ਕਰਨ ਲਈ ਕਿਹਾ ਹੋਇਆ ਹੈ। ਇਥੇ ਪ੍ਰਬੰਧਕਾਂ ਕੋਲ ਵਧੀਆ ਗੱਦੇ ਅਤੇ ਕੰਬਲ ਹਨ। ਸਾਨੂੰ ਰਾਤ ਨੂੰ ਸੋਣ ਵਾਸਤੇ 2-3 ਕੰਬਲ ਅਤੇ ਗੱਦੇ ਮਿਲੇ ਹੋਏ ਸਨ। ਸਾਰਿਆਂ ਦੇ ਸੋਣ ਦਾ ਪ੍ਰਬੰਧ ਬਹੁਤ ਵਧੀਆ ਢੰਗ ਨਾਲ ਹੋ ਗਿਆ। ਸਵੇਰੇ ਭੋਲੇ ਸ਼ੰਕਰ ਦੇ ਦਰਸ਼ਨ ਕਰਨ ਦੀ ਇੱਛਾ ਅਤੇ ਉਹਨਾਂ ਵੱਲ ਹੀ ਧਿਆਨ ਲਗਾ ਕੇ ਸਾਰੇ ਯਾਤਰੀ ਸੋਂ ਗਏ।
Narendera Kashyap - Mrs. Meenakshi Kashyap at Dal Lake in the morning
Narendera Kashyap - Mrs. Meenakshi Kashyap at the bank of sind river in Kashmir Valley
Mrs. Meenakshi Kashyap in the beautiful valley of Sonamarg of Kashmir Valley
Narendera Kashypa - Mrs. Meenakshi Kashyap at vehicle check point of Baltal Base Camp
Day -4, Yatra Baltal Base Camp to Shri Amarnath Holy Cave
15 ਜੁਲਾਈ 2015 (ਯਾਤਰਾ ਦਾ ਚੌਥਾ ਦਿਨ) – ਸਾਰੀ ਰਾਤ ਮੰਨ ਵਿਚ ਭੋਲੇ ਸ਼ੰਕਰ ਦੇ ਦਰਸ਼ਨਾਂ ਦੇ ਖਿਆਲ ਹੀ ਆਉਂਦੇ ਰਹੇ, ਇਸ ਕਾਰਣ ਨੀਂਦ ਤਾਂ ਕੀ ਆਉਣੀ ਸੀ। ਹਰ ਕਿਸੇ ਦੇ ਦਿਲ ਵਿਚ ਸਵੇਰੇ ਭਗਵਾਨ ਸ਼ਿਵ ਦੇ ਦਰਬਾਰ ’ਚ ਹਾਜਰੀ ਲਗਵਾ ਕੇ ਉਹਨਾਂ ਦੇ ਬਰਫਾਨੀ ਰੂਪ ਦੇ ਦਰਸ਼ਨ ਕਰਨ ਦੀ ਤਮੰਨਾ ਮਚਲ ਰਹੀ ਸੀ। ਤੜਕੇ 3 ਵਜੇ ਦੇ ਕਰੀਬ ਹੀ ਸਾਰੇ ਮੈਂਬਰ ਉਠ ਗਏ। ਇਥੇ ਲੈਟਰੀਨ, ਬਾਥਰੂਮ ਟੈਂਪਰੇਰੀ ਤੌਰ ਤੇ ਬਣਾਏ ਜਾਂਦੇ ਹਨ, ਜਿਹਨਾਂ ਦਾ ਇਸਤੇਮਾਲ ਯਾਤਰੀ ਕਰਦੇ ਹਨ। ਓਮ ਸ਼ਿਵ ਸ਼ੰਕਰ ਸੇਵਾ ਮੰਡਲ ਵਾਲਿਆਂ ਨੇ ਸਾਡੇ ਨਹਾਉਣ ਵਾਸਤੇ ਦੇਸੀ ਗੀਜਰ ਤੋਂ ਪਾਣੀ ਗਰਮ ਕਰਕੇ ਸਾਰੇ ਮੈਂਬਰਾਂ ਨੂੰ ਦਿੱਤਾ। ਹਰ ਕਿਸੇ ਨੇ ਇਸ਼ਨਾਨ ਕਰਕੇ ਆਪਣੀ ਯਾਤਰਾ ਦਾ ਸਮਾਨ ਪੈਕ ਕਰ ਲਿਆ। 5 ਵਜੇ ਤੋਂ ਪਹਿਲਾਂ ਹੀ ਯਾਤਰਾ ਤੇ ਜਾਣ ਵਾਲੇ ਘੋੜੇ ਵਾਲੇ ਆ ਗਏ। ਹਰ ਕੋਈ ਆਪਣੇ ਘੋੜੇ ਤੇ ਸਵਾਰ ਹੋ ਗਿਆ। ਜੈ ਭੋਲੇ ਸ਼ੰਕਰ, ਹਰ-ਹਰ ਮਹਾਦੇਵ ਦੇ ਜੈਕਾਰਿਆਂ ਨਾਲ ਬਾਬਾ ਅਮਰਨਾਥ ਦੀ ਯਾਤਰਾ ਸ਼ੁਰੂ ਹੋ ਗਈ।
ਬੇਸ ਕੈਂਪ ਤੋਂ 1.5 ਕਿ.ਮੀ. ਦੂਰ ਡੋਮੇਲ ਗੇਟ ਉਪਰ ਚੈਕਿੰਗ ਪੁਆਇੰਟ ਬਣਿਆ ਹੋਇਆ ਹੈ। ਇਥੇ ਯਾਤਰਾ ਦੀ ਪਰਚੀ/ਪਰਿਮਟ ਚੈਕ ਕੀਤਾ ਜਾਂਦਾ ਹੈ ਅਤੇ ਤੁਹਾਡਾ ਸਮਾਨ ਵੀ ਚੈਕ ਕੀਤਾ ਜਾਂਦਾ ਹੈ। ਇਥੇ ਹਰ ਪਾਸੇ ਸੀ.ਆਰ.ਪੀ.ਐਪ. ਅਤੇ ਮਿਲਟਰੀ ਫੈਲੀ ਹੋਈ ਹੈ ਜੋ ਯਾਤਰੀਆਂ ਦੀ ਹਰ ਤਰ੍ਹਾਂ ਨਾਲ ਮਦਦ ਕਰਦੇ ਹਨ। ਇਥੇ ਬਹੁਤ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਮਰਦਾਂ ਅਤੇ ਔਰਤਾਂ ਵਾਸਤੇ ਅਲੱਗ-ਅਲੱਗ ਲਾਈਨਾਂ ਬਣੀਆਂ ਹੋਈਆਂ ਸਨ। ਤੁਸੀਂ ਆਪਣੀ ਯਾਤਰਾ ਦੀ ਪਰਚੀ ਵਾਲੀ ਤਰੀਕ ਤੋਂ ਪਹਿਲਾਂ ਯਾਤਰਾ ਨਹੀਂ ਕਰ ਸਕਦੇ, ਪਰ ਅਗਲੇ ਦਿਨ ਯਾਤਰਾ ਜਰੂਰ ਕਰ ਸਕਦੇ ਹੋ। ਇਥੇ ਯਾਤਰਾ ਪਰਚੀ ਦਾ ਇਕ ਹਿੱਸਾ ਚੈਕਿੰਗ ਕਰਨ ਵਾਲੇ ਆਪਣੇ ਕੋਲ ਰੱਖ ਲੈਂਦੇ ਹਨ, ਜਿਸ ਨਾਲ ਦਰਸ਼ਨਾਂ ਵਾਸਤੇ ਗਏ ਯਾਤਰੀਆਂ ਦੀ ਗਿਣਤੀ ਅਤੇ ਰਿਕਾਰਡ ਰੱਖਿਆ ਜਾਂਦਾ ਹੈ। ਇਥੇ ਇਹ ਗੱਲ ਖਾਸ ਧਿਆਨ ਦੇਣ ਯੋਗ ਹੈ ਕਿ ਯਾਤਰਾ ਪਰਚੀ ਦੇ ਨਾਲ ਹੀ ਤੁਹਾਡਾ ਬੀਮਾ ਵੀ ਕੀਤਾ ਜਾਂਦਾ ਹੈ। ਇਹ ਯਾਤਰਾ ਪਰਮਿਟ ਪੰਜਾਬ ਨੈਸ਼ਨਲ ਬੈਂਕ, ਜੇ.ਐਂਡ. ਕੇ. ਬੈਂਕ ਅਤੇ ਯੈਸ ਬੈਂਕ ਦੀ ਕੁਝ ਬ੍ਰਾਂਚਾਂ ਤੋਂ ਬਣਦਾ ਹੈ। ਹੈਲੀਕੋਪਟਰ ਰਾਹੀਂ ਯਾਤਰਾ ਕਰਨ ਵਾਲਿਆਂ ਨੂੰ ਸਿਰਫ ਮੈਡੀਕਲ ਸਰਟਿਫਿਕੇਟ ਦੀ ਹੀ ਜਰੂਰਤ ਹੁੰਦੀ ਹੈ। ਉਹਨਾਂ ਨੂੰ ਯਾਤਰਾ ਦੀ ਰਜਿਸਟ੍ਰੇਸ਼ਨ ਨਹੀਂ ਕਰਵਾਉਣੀ ਪੈਂਦੀ। ਅਸੀਂ ਸਾਰੇ ਵੀ ਆਪਣੇ ਘੋੜਿਆਂ ਤੋਂ ਉਤਰ ਕੇ ਲਾਈਨ ਵਿਚ ਲੱਗ ਕੇ ਆਪਣੀ ਯਾਤਰਾ ਪਰਚੀ ਚੈਕ ਕਰਵਾ ਕੇ ਚੈਕ ਪੋਸਟ ਪਾਰ ਕੀਤੀ। ਇਥੇ ਘੋੜੇ ਵਾਲੇ ਆਪਣੀ ਸਵਾਰੀਆਂ ਦਾ ਇੰਤਜਾਰ ਕਰ ਰਹੇ ਸੀ। ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਵੱਲੋਂ ਘੋੜੇ ਵਾਲਿਆਂ ਦਾ ਪਹਿਚਾਣ ਪੱਤਰ ਬਣਾਇਆ ਜਾਂਦਾ ਹੈ ਜੋ ਕਿ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਆਪਣੇ ਕੋਲ ਰੱਖਣਾ ਚਾਹੀਦਾ ਹੈ ਤਾਂ ਜੋ ਘੋੜੇ ਵਾਲੇ ਤੁਹਾਨੂੰ ਰਾਸਤੇ ਵਿਚ ਤੰਗ ਜਾਂ ਖਰਾਬ ਨਾ ਕਰ ਸਕੇ। ਜੇਕਰ ਤੁਸੀਂ ਘੋੜਾ ਆਉਣ-ਜਾਣ ਵਾਸਤੇ ਕੀਤਾ ਹੈ ਤਾਂ ਉਸਦਾ ਪਹਿਚਾਣ ਪੱਤਰ ਆਪਣੀ ਯਾਤਰਾ ਪੂਰੀ ਹੋਣ ਤੋਂ ਬਾਅਦ ਹੀ ਘੋੜੇ ਵਾਲੇ ਨੂੰ ਵਾਪਸ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਗੁਫਾ ’ਤੇ ਪਹੁੰਚ ਕੇ ਉਸਦਾ ਪਹਿਚਾਣ ਪੱਤਰ ਉਸਨੂੰ ਦੇ ਦਿੰਦੇ ਹੋ ਜਿਹੜਾ ਕਿ ਉਹ ਆਮ ਤੌਰ ਤੇ ਸਾਰੇ ਯਾਤਰੀਆਂ ਕੋਲੋਂ ਮੰਗਦੇ ਹਨ ਤਾਂ ਤੁਹਾਨੂੰ ਵਾਪਸੀ ਕਰਨ ਸਮੇਂ ਪਰੇਸ਼ਾਨੀ ਦਾ ਸਾਹਮਣਾ ਜਰੂਰ ਕਰਨਾ ਪਵੇਗਾ। ਘੋੜੇ ਵਾਲੇ ਯਾਤਰੀ ਨੂੰ ਗੁਫਾ ਤੇ ਛੱਡ ਕੇ ਅੱਧੇ ਨਾਲੋਂ ਜਿਆਦਾ ਪੈਸੇ ਅਤੇ ਆਪਣਾ ਪਹਿਚਾਣ ਪੱਤਰ ਲੈ ਲੈਂਦੇ ਹਨ ਅਤੇ ਤੁਹਾਡੀ ਵਾਪਸੀ ਦਾ ਇੰਤਜਾਰ ਨਹੀਂ ਕਰਦੇ। ਉਹ ਕਿਸੇ ਹੋਰ ਯਾਤਰੀ ਕੋਲੋਂ ਵੱਧ ਪੈਸੇ ਲੈ ਕੇ ਉਸੇ ਸਮੇਂ ਵਾਪਸੀ ਕਰ ਲੈਂਦੇ ਹਨ ਜਿਸ ਨਾਲ ਤੁਹਾਨੂੰ ਵਾਪਸੀ ਸਮੇਂ ਕੋਈ ਹੋਰ ਘੋੜਾ ਕਰਨਾ ਪੈਂਦਾ ਹੈ ਜਿਸਦੇ ਵੱਧ ਪੈਸੇ ਲੱਗਦੇ ਹਨ ਅਤੇ ਪਰੇਸ਼ਾਨੀ ਵੀ ਹੁੰਦੀ ਹੈ। ਵਾਪਸੀ ਸਮੇਂ ਘੋੜੇ ਵਾਲੇ ਆਪਣੇ ਮੰਨ-ਮਰਜੀ ਦੇ ਰੇਟ ਮੰਗਦੇ ਹਨ। ਇਸ ਕਾਰਣ ਜੇ ਤੁਸੀਂ ਆਉਣ-ਜਾਣ ਦਾ ਘੋੜਾ ਕਰਦੇ ਹੋ ਤਾਂ ਉਸਦਾ ਪਹਿਚਾਣ ਪੱਤਰ ਆਪਣੇ ਕੋਲ ਹੀ ਰੱਖੋ।
ਹੁਣ ਅਸੀਂ ਆਪਣੇ ਘੋੜਿਆਂ ਤੇ ਬੈਠ ਕੇ ਯਾਤਰਾ ਦੀ ਚੜਾਈ ਸ਼ੁਰੂ ਕਰ ਦਿੱਤੀ। ਇਸ ਦਿਨ ਯਾਤਰਾ ਵਾਸਤੇ ਜਿਆਦਾ ਯਾਤਰੀ ਹੋਣ ਕਰਕੇ ਜਾਮ ਲੱਗ ਰਿਹਾ ਸੀ ਅਤੇ ਘੋੜੇ ਹੌਲੀ-ਹੌਲੀ ਚੱਲ ਰਹੇ ਸਨ। ਪੈਦਲ ਯਾਤਰਾ ਕਰਨ ਵਾਲੇ ਥੋੜੀ ਜਿਹੀ ਚੜਾਈ ਚੜ ਕੇ ਰੁਕ ਕੇ ਸਾਹ ਲੈ ਰਹੇ ਸਨ। ਇਤੇ ਰਾਸਤੇ ਵਿਚ ਬੈਠਣ ਵਾਸਤੇ ਜਗਹ ਬਹੁਤ ਘੱਟ ਹੈ। ਸਿੱਧੀ ਚੜਾਈ ਹੋਣ ਕਰਕੇ ਪੈਦਲ ਯਾਤਰੀਆਂ ਨੂੰ ਸਾਹ ਬਹੁਤ ਜਲਦੀ ਚੜ ਰਿਹਾ ਸੀ। ਬਾਲਟਾਲ ਸਮੁੰਦਰ ਤੱਲ ਤੋਂ 9500 ਫੁੱਟ ਦੀ ਉਚਾਈ ’ਤੇ ਹੈ ਅਤੇ ਇਥੋਂ ਬੁਰਾੜੀ ਮਾਰਗ ਤੱਕ ਸਿੱਧੀ ਚੜਾਈ ਹੈ। ਬੁਰਾੜੀ 13120 ਫੁੁੱਟ ਉਚਾਈ ਤੇ ਹੈ। ਡੋਮੇਟ ਗੇਟ ਤੋਂ ਬੁਰਾੜੀ 5 ਕਿ.ਮੀ. ਦੂਰ ਹੈ, ਪਰ ਚੜਾਈ ਬਹੁਤ ਕਠਿਨ ਹੈ। ਅਸੀਂ ਘੋੜਿਆਂ ਤੇ ਬੈਠੇ ਸ਼ਿਵ ਸ਼ੰਕਰ ਨੂੰ ਯਾਦ ਕਰਦਿਆਂ ਹੌਲੀ-ਹੌਲ ਅੱਗੇ ਵਧ ਰਹੇ ਸੀ। ਰਾਸਤੇ ’ਚ ਬਰਫ ਨਾਲ ਢਕੇ ਹੋਏ ਗਲੇਸ਼ੀਅਰ ਸੂਰਜ ਦੀ ਰੋਸ਼ਨੀ ਵਿਚ ਕਿਸੇ ਹੋਰ ਹੀ ਦੁਨੀਆ ਵਿਚ ਹੋਣ ਦਾ ਅਹਿਸਾਸ ਕਰਵਾ ਰਹੇ ਸਨ। ਗਲੇਸ਼ੀਅਰ ’ਚੋਂ ਨਿਕਲ ਰਹੀ ਪਾਣੀ ਦੀ ਧਾਰਾ ਨੂੰ ਦੇਖ ਕੇ ਮੰਨ ਖੁਸ਼ ਹੋ ਰਿਹਾ ਸੀ। ਅਸੀਂ ਇਹ ਨਜ਼ਾਰੇ ਜਿੰਦਗੀ ’ਚ ਪਹਿਲੀ ਵਾਰ ਦੇਖ ਰਹੇ ਸੀ, ਇਸ ਕਾਰਣ ਹੋਰ ਵੀ ਜਿਆਦਾ ਅਨੰਦ ਮਹਿਸੂਸ ਹੋ ਰਿਹਾ ਸੀ। ਯਾਤਰਾ ਤੇ ਅੱਗੇ ਵਧਦੇ ਹੋਏ ਜਦੋਂ ਅਸੀਂ ਪਿੱਛੇ ਮੁੜ ਕੇ ਦੇਖਦੇ ਸੀ ਤਾਂ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਨਜ਼ਰ ਆ ਰਹੀਆਂ ਸਨ। ਰਾਸਤਾ ਛੋਟਾ ਹੈ, ਜਿੱਥੋਂ ਇਕ ਪਾਸੇ ਪੈਦਲ ਯਾਤਰਾ ਕਰਨ ਵਾਲੇ ਜਾ ਰਹੇ ਸੀ ਅਤੇ ਯਾਤਰਾ ਤੋਂ ਵਾਪਸ ਵੀ ਆ ਰਹੇ ਸੀ। ਘੋੜੇ ਵਾਲੇ ਨਦੀ ਵਾਲੇ ਪਾਸੇ ਰਾਸਤੇ ਦੇ ਕਿਨਾਰੇ ਕਿਨਾਰੇ ਚੱਲ ਰਹੇ ਸੀ। ਇਹਨਾਂ ਦੇ ਨਾਲ-ਨਾਲ ਹੀ ਚਾਰ ਚਾਰ ਆਦਮੀ ਵਹਿੰਗੀ ਜਾਂ ਪਾਲਕੀ ਉਪਰ ਵੀ ਸ਼ਰਧਾਲੂਆਂ ਨੂੰ ਦਰਸ਼ਨਾਂ ਵਾਸਤੇ ਲਿਜਾ ਰਹੇ ਸਨ। ਰਾਸਤੇ ’ਚ ਕਈ ਤਰ੍ਹਾਂ ਦੇ ਕੁਦਰਤੀ ਨਜ਼ਾਰੇ ਅੱਖਾਂ ਦੇ ਸਾਹਮਣੇ ਨਜ਼ਰੀ ਆ ਰਹੇ ਸਨ ਜਿਹੜੇ ਇਸ ਮੁਸ਼ਕਲ ਯਾਤਰਾ ਨੂੰ ਰੋਮਾਂਚਕ ਬਣਾ ਰਹੇ ਸਨ। ਡੋਮੇਲ ਤੋਂ 2 ਕਿ.ਮੀ. ਅੱਗੇ ਰੇਲ ਪੱਥਰੀ ਨਾਮ ਦਾ ਪਹਿਲਾ ਪੜਾਅ ਆਉਂਦਾ ਹੈ, ਜਿੱਥੇ ਯਾਤਰੀਆਂ ਵਾਸਤੇ ਲੰਗਰ ਲੱਗੇ ਹੋਏ ਹਨ। ਅਸੀਂ ਇਥੇ ਮੁਰਾਦਾਬਾਦ ਵਾਲੇ ਲੰਗਰ ਤੇ ਰੁਕ ਕੇ ਹਲਕਾ ਜਿਹਾ ਨਾਸ਼ਤਾ ਕੀਤਾ ਅਤੇ ਚਾਹ ਪੀਤੀ। ਘੋੜੇ ਵਾਲੇ ਵੀ ਥੋੜਾ ਜਿਹਾ ਅਰਾਮ ਕਰ ਲੈਂਦੇ ਹਨ। ਰਾਸਤੇ ਵਿਚ ਇਥੋਂ ਦੇ ਲੋਕਲ ਰਹਿਣ ਵਾਲੇ ਆਪਣੀਆਂ ਦੁਕਾਨਾਂ ਲਗਾ ਕੇ ਬੈਠੇ ਹਨ, ਜਿੱਥੋਂ ਯਾਤਰੀਆਂ ਨੂੰ ਖੀਰੇ, ਬਿਸਕੁਟ, ਨਮਕੀਨ, ਕੋਲਡ ਡਰਿੰਕ ਆਦਿ ਖਾਣ-ਪੀਣ ਨੂੰ ਮਿਲ ਜਾਂਦਾ ਹੈ ਅਤੇ ਥੋੜਾ ਜਿਹਾ ਅਰਾਮ ਵੀ ਹੋ ਜਾਂਦਾ ਹੈ। ਰੇਲ ਪੱਥਰੀ ਤੋਂ ਬਾਅਦ ਬੁਰਾੜੀ ਤੱਕ ਕੋਈ ਵੀ ਲੰਗਰ ਨਹੀਂ ਹੈ। ਡੋਮੇਲ ਗੇਟ ਤੋਂ ਬੁਰਾੜੀ 5 ਕਿ.ਮੀ. ਦੂਰ ਹੈ। 5 ਕਿ.ਮੀ. ਦੀ ਚੜਾਈ ਕਰਨ ਤੋਂ ਬਾਅਦ ਬੁਰਾੜੀ ਪਹੁੰਚ ਕੇ ਯਾਤਰੀ ਥੋੜਾ ਜਿਹਾ ਅਰਾਮ ਕਰਦੇ ਹਨ ਅਤੇ ਕਿਸੇ ਵੀ ਲੰਗਰ ਤੋਂ ਨਾਸ਼ਤਾ ਜਾਂ ਲੰਗਰ ਖਾ ਕੇ ਆਪਣੀ ਪੇਟ ਪੂਜਾ ਕਰਦੇ ਹਨ। ਘੋੜੇ ਵਾਲੇ ਵੀ ਯਾਤਰੀਆਂ ਕੋਲੋਂ ਚਾਹ ਦੇ ਪੈਸੇ ਲੈ ਕੇ ਆਪਣੇ ਸਟੈਂਡ ਤੇ ਚਾਹ ਪੀ ਲੈਂਦੇ ਹਨ ਅਤੇ ਘੋੜਿਆਂ ਨੂੰ ਵੀ ਥੋੜਾ ਚਾਰਾ ਪਾ ਦਿੰਦੇ ਹਨ। ਪਰ ਕਈ ਯਾਤਰੀ ਘੋੜੇ ਵਾਲਿਆਂ ਨੂੰ ਚਾਹ ਪੀਣ ਲਈ ਪੈਸੇ ਨਹੀਂ ਦਿੰਦੇ ਕਿਉਂਕਿ ਉਹਨਾਂ ਘੋੜੇ ਕਿਰਾਏ ’ਤੇ ਕਰਦੇ ਸਮੇਂ ਇਸਦੀ ਗੱਲ ਨਹੀਂ ਕੀਤੀ ਹੁੰਦੀ।
ਬੁਰਾੜੀ ਵਿਖੇ ਹੀ ਓਮ ਸ਼ਿਵ ਸ਼ੰਕਰ ਸੇਵਾ ਮੰਡਲ ਵਾਲਿਆਂ ਦਾ ਲੰਗਰ ਲੱਗਾ ਹੋਇਆ ਸੀ ਜਿਹੜਾ ਕਿ ਉਹ ਪਿਛਲੇ 20 ਸਾਲਾਂ ਤੋਂ ਲਗਾ ਰਹੇ ਹਨ। ਅਸੀਂ ਇਥੇ ਘੋੜੇ ਵਾਲੇ ਨੂੰ ਚਾਹ ਪੀਣ ਵਾਸਤੇ ਪੈਸੇ ਦੇ ਕੇ ਆਪਣੇ ਲੰਗਰ ਵਿਚ ਜਾ ਕੇ ਥੋੜਾ ਜਿਹਾ ਅਰਾਮ ਕੀਤਾ। ਇਥੇ ਲੰਗਰ ਦੀ ਸੇਵਾ ਕਰਨ ਵਾਲਿਆਂ ਨੇ ਪਹਿਲਾਂ ਤਾਂ ਸਾਨੂੰ ਨਿੰਬੂ ਪਾਣੀ ਪਿਲਾਇਆ ਗਿਆ ਅਤੇ ਉਸ ਤੋਂ ਬਾਅਦ ਗਰਮਾ-ਗਰਮ ਨਾਸ਼ਤਾ ਕਰਵਾਇਆ। ਅੱਧੇ ਘੰਟੇ ਬਾਅਦ ਅਸੀਂ ਆਪਣੀ ਅਗਲੀ ਯਾਤਰਾ ਸ਼ੁਰੂ ਕਰ ਦਿੱਤੀ। ਬਰਾੜੀ ਤੋਂ ਅੱਗੇ ਯਾਤਰਾ ਵਾਸਤੇ ਦੋ ਰਾਸਤੇ ਹੋ ਜਾਂਦੇ ਹਨ। ਇਕ ਰਾਸਤਾ ਪੈਦਲ ਯਾਤਰੀਆਂ ਵਾਸਤੇ ਹੈ ਜਦਕਿ ਦੂਜਾ ਰਾਸਤਾ ਘੋੜੇ ਵਾਲਿਆਂ ਲਈ ਹੈ। ਜਿੱਥੇ ਬੁਰਾੜੀ ਤੱਕ ਸਿੱਧੀ ਚੜਾਈ ਸੀ, ਉਥੇ ਹੁਣ ਬੁਰਾੜੀ ਤੋਂ ਅੱਗੇ ਰਾਸਤਾ ਨਿਮਾਣ ਵਾਲਾ ਅਤੇ ਸਿੱਧਾ ਸੀ। ਰਾਸਤੇ ਵਿਚ ਦੋ-ਤਿੰਨ ਅਜਿਹੀਆਂ ਥਾਵਾਂ ਆਉਂਦੀਆਂ ਹਨ ਜਿੱਥੇ ਤੁਹਾਨੂੰ ਘੋੜੇ ਤੋਂ ਉਤਾਰ ਕੇ ਪੈਦਲ ਚੱਲਣਾ ਪੈਂਦਾ ਹੈ ਕਿਉਂਕਿ ਰਾਸਤਾ ਬਹੁਤ ਛੋਟਾ ਅਤੇ ਉਤਾਰ-ਚੜਾਅ ਵਾਲਾ ਹੁੰਦਾ ਹੈ। ਇਥੇ ਵੀ ਸੀ.ਆਰ.ਪੀ.ਐਫ. ਵਾਲੇ ਜਵਾਨ ਤੁਹਾਡੀ ਮਦਦ ਕਰਦੇ ਹਨ। ਬੁਰਾੜੀ ਤੋਂ 4 ਕਿ.ਮੀ. ਅੱਗੇ ਯਾਤਰਾ ਕਰਦੇ ਹੋਏ ਅਸੀਂ ਸੰਗਮ ਪਹੁੰਚੇ, ਜਿੱਥੇ ਪਹਿਲਗਾਮ ਅਤੇ ਬਾਲਟਾਲ ਤੋਂ ਆਉਣ ਵਾਲੇ ਯਾਤਰੀਆਂ ਦਾ ਸੰਗਮ ਹੁੰਦਾ ਹੈ। ਇਥੇ ਦੋਵੇਂ ਰਾਸਤੇ ਆਪਸ ਵਿਚ ਮਿਲਦੇ ਹਨ ਅਤੇ ਅੱਗੇ ਯਾਤਰਾ ਦਾ ਇਕੋ ਰਾਸਤਾ ਹੋ ਜਾਂਦਾ ਹੈ। ਇਥੋਂ ਹੁਣ ਬਰਫ ਦੇ ਗਲੇਸ਼ੀਅਰ ’ਤੇ ਯਾਤਰਾ ਸ਼ੁਰੂ ਹੋ ਜਾਂਦੀ ਹੈ ਜਿਹੜੀ ਕਿ ਪਵਿੱਤਰ ਅਮਰਨਾਥ ਗੁਫਾ ਤੱਕ ਜਾਂਦੀ ਹੈ। ਸ਼ੁਰੂ ਸ਼ੁਰੂ ਵਿਚ ਸਫੇਦ ਨਜ਼ਰ ਆਉਣ ਵਾਲੀ ਬਰਫ ਹੁਣ ਘੋੜੇ ਦੇ ਪੈਰਾਂ ਦੇ ਨਿਸ਼ਾਨਾਂ ਅਤੇ ਘੋੜੇ ਦੀ ਲਿੱਦ ਕਾਰਣ ਕਾਲੀ ਨਜ਼ਰ ਆ ਰਹੀ ਸੀ। ਇਥੇ ਪਹੁੰਚ ਕੇ ਦਿਲ ਉਸ ਆਦਿ ਸ਼ਕਤੀ ਦੇ ਚਰਣਾਂ ਵਿਚ ਪ੍ਰਣਾਮ ਕਰਦਾ ਹੈ ਜਿਸਨੇ ਸਾਰੀ ਦੁਨੀਆ ਬਣਾਈ ਹੈ। ਇਸ ਰਾਸਤੇ ’ਤੇ ਪਹਿਲਗਾਮ ਤੋਂ ਆਉਣ ਵਾਲੇ ਸਾਰੇ ਸ਼ਰਧਾਲੂ ਅਤੇ ਬਾਲਟਾਲ ਤੋਂ ਘੋੜੇ ਤੇ ਆਉਣ ਵਾਲੇ ਯਾਤਰੀ ਇਕੋ ਰਾਸਤੇ ’ਤੇ ਅੱਗੇ ਵਧਦੇ ਹਨ। ਹੁਣ ਹਰ-ਹਰ ਮਹਾਦੇਵ, ਜੈ ਭੋਲੇ ਸ਼ੰਕਰ, ਬੰਮ-ਬੰਮ ਭੋਲੇ ਦੇ ਜੈਕਾਰਿਆਂ ਨਾਲ ਪਹਾੜ ਗੂੰਜ ਰਹੇ ਸਨ। ਭੋਲੇ ਦੇ ਭਗਤਾਂ ਨਾਲ ਗੁਲਜ਼ਾਰ ਇਹ ਘਾਟੀ ਇਸ ਸਮੇਂ ਭੋਲੇ ਦੇ ਰੰਗਾਂ ਵਿਚ ਰੰਗ ਜਾਂਦੀ ਹੈ। ਹਰ ਪਾਸੇ ਕੁਦਰਤੀ ਨਜ਼ਾਰੇ ਇੰਨੇ ਜਿਆਦਾ ਸੋਹਣੇ ਨਜ਼ਰ ਆ ਰਹੇ ਸਨ ਜੋ ਸ਼ਬਦਾਂ ਵਿਚ ਬਿਆਨ ਕਰਨੇ ਔਖੇ ਹਨ। ਸੰਗਮ ਤੋਂ ਕਰੀਬ 2 ਕਿ.ਮੀ. ਦੀ ਯਾਤਰਾ ਕਰਨ ਤੋਂ ਬਾਅਦ ਹੁਣ ਅਸੀਂ ਪਵਿੱਤਰ ਗੁਫਾ ਦੇ ਨਜ਼ਦੀਕ ਪਹੁੰਚ ਗਏ ਸੀ। ਇਥੇ ਘੋੜੇ ਵਾਲਿਆਂ ਦਾ ਠਹਿਰਾਵ ਜਾਂ ਸਟੈਂਡ ਬਣਿਆ ਹੋਇਆ ਹੈ, ਜਿੱਥੇ ਘੋੜੇ ਵਾਲੇ ਯਾਤਰੀਆਂ ਨੂੰ ਉਤਾਰ ਦਿੰਦੇ ਹਨ ਅਤੇ ਅੱਗੇ 1 ਕਿ.ਮੀ. ਦੀ ਯਾਤਰਾ ਪੈਦਲ ਜਾਂ ਪਾਲਕੀ ਤੇ ਹੀ ਕਰਨੀ ਪੈਂਦੀ ਹੈ। ਅਸੀਂ ਵੀ ਆਪਣੇ ਘੋੜਿਆਂ ਤੋਂ ਉਤਰ ਕੇ ਥੋੜਾ ਜਿਹਾ ਵਾਰਮ-ਅੱਪ ਕਰਕੇ ਆਪਣੇ ਆਪ ਨੂੰ ਸਿੱਧਾ ਕੀਤਾ। ਸਾਡੇ ਟੀਮ ਲੀਡਰ ਸ਼੍ਰੀ ਰਾਕੇਸ਼ ਮਾਲੜਾ ਜੀ ਨੇ ਕਈ ਘੋੜੇ ਵਾਲਿਆਂ ਨੂੰ ਪੈਸੇ ਦੇ ਕੇ ਵਾਪਸੇ ਵਾਸਤੇ ਮਨਾਂ ਕਰ ਦਿੱਤਾ ਕਿਉਂਕਿ ਸ਼ਾਇਦ ਅਸੀਂ ਰਾਤ ਗੁਫਾ ’ਤੇ ਰੁਕ ਸਕਦੇ ਸੀ। ਇਥੇ ਬਹੁਤ ਸਾਰੇ ਟੈਂਟ ਲੱਗੇ ਹੋਏ ਸਨ ਜਿੱਥੇ ਦੁਕਾਨਾਂ ਵਿਚ ਪ੍ਰਸ਼ਾਦਿ ਮਿਲ ਰਿਹਾ ਸੀ ਅਤੇ ਯਾਤਰੀਆਂ ਦਾ ਸਮਾਨ ਜਮਾਂ ਕੀਤਾ ਜਾ ਰਿਹਾ ਸੀ। ਇਹ ਸਾਰੀਆਂ ਦੁਕਾਨਾਂ ਅਤੇ ਟੈਂਟ ਬਰਫ ਦੇ ਉਪਰ ਹੀ ਲੱਗੇ ਹੋਏ ਸਨ। ਸ਼ਰੁਧਾਲੂਆਂ ਦੇ ਵਾਸਤੇ ਰਾਤ ਰੁਕਣ ਦਾ ਪੂਰਾ ਪ੍ਰਬੰਧ ਇਥੇ ਹੈ। ਬਹੁਤ ਸਾਰੇ ਸ਼ਰਧਾਲੂ ਇਥੇ ਇਸ਼ਨਾਨ ਕਰਕੇ ਅਤੇ ਕਈ ਹੱਥ ਮੂੰਹ ਧੋ ਕੇ ਹੀ ਭੋਲੇ ਸ਼ੰਕਰ ਦੇ ਦਰਸ਼ਨ ਕਰਨ ਜਾਂਦੇ ਹਨ। ਇਤੇ ਇਕ ਬਾਲਟੀ ਪਾਣੀ ਗੈਸ ਦੇ ਸਿਲੰਡਰ ਨਾਲ ਗਰਮ ਕਰਕੇ 100/- ਅਤੇ ਪਾਣੀ ਦਾ 1 ਮੱਗ 40/- ਦਾ ਮਿਲ ਰਿਹਾ ਸੀ। ਸਾਡੇ ਗਰੁੱਪ ਵਾਲੇ ਸਾਰੇ ਸਾਥੀਆਂ ਨੂੰ ਇਕੱਠਾ ਕਰਕੇ ਅਸੀਂ ਗੁਫਾ ਵੱਲ ਚੱਲ ਪਏ। ਰਾਸਤਾ ਤਾਂ ਬੇਸ਼ੱਕ 1 ਕਿ.ਮੀ. ਦਾ ਹੈ, ਪਰ ਸਾਹ ਬਹੁਤ ਜਲਦੀ ਚੜਦਾ ਹੈ। ਸ਼ਾਇਦ ਸਾਨੂੰ ਉਚਾਈ ਤੇ ਚੜਨ ਦੀ ਆਦਤ ਨਹੀਂ ਹੁੰਦੀ, ਇਸ ਕਾਰਣ ਥਕਾਵਟ ਜਲਦੀ ਹੋ ਜਾਂਦੀ ਹੈ। ਰਾਸਤੇ ਵਿਚ ਤਿੰਨ-ਚਾਰ ਜਗਹ ਰੁਕ ਕੇ ਅਸੀਂ ਗੁਫਾ ਦੇ ਬਿਲਕੁਲ ਨਜ਼ਦੀਕ ਪਹੁੰਚ ਗਏ। ਇਥੇ ਤੁਹਾਨੂੰ ਹਰ ਪਾਸੇ ਵੱਖ-ਵੱਖ ਨਜ਼ਾਰੇ ਦਿਖਾਈ ਦਿੰਦੇ ਹਨ। ਪਹਾੜ ਦੀਆਂ ਚੋਟੀਆਂ ਬਰਫ ਨਾਲ ਢਕੀਆਂ ਹੋਈਆਂ ਹਨ। ਇਕ ਪਾਸੇ ਪਵਿੱਤਰ ਅਮਰਨਾਥ ਗੁ੍ਰਫਾ ਹੈ ਜਦਕਿ ਦੂਜੇ ਪਾਸੇ ਉਚਾਈ ਤੋਂ ਡਿਗਦੇ ਹੋਏ ਝਰਨੇ ਹਨ।
1 ਕਿ.ਮੀ. ਦਾ ਪੈਦਲ ਸਫਰ ਕਰਦੇ ਹੋਏ ਅਸੀਂ ਗੁਫਾ ਦੇ ਨੇੜੇ ਮਾਨਸਾ ਵਾਲਿਆਂ ਦੇ ਲੰਗਰ ’ਤੇ ਪਹੁੰਚੇ। ਇਥੇ ਜਲੰਧਰ ਤੋਂ ਸਾਡੇ ਸਾਥੀ ਮੁਨੀਸ਼ ਕੁਮਾਰ ਹੈਪ ਨੇ ਸਾਡੇ ਵਾਸਤੇ ਕਿਹਾ ਹੋਇਆ ਸੀ। ਅਸੀਂ ਆਪਣਾ ਸਮਾਨ ਲੰਗਰ ਵਾਲਿਆਂ ਦੇ ਕੋਲ ਰੱਖ ਦਿੱਤਾ। ਉਹਨਾਂ ਨੇ ਸਾਨੂੰ ਰਾਤ ਠਹਿਰਨ ਵਾਸਤੇ ਇਕ ਟੈਂਟ ਵੀ ਦੇ ਦਿੱਤਾ। ਮਾਨਸਾ ਵਾਲੇ ਲੰਗਰ ਵਾਲਿਆਂ ਵੱਲੋਂ ਸਾਨੂੰ ਪੀਣ ਵਾਸਤੇ ਦਿੱਤੇ ਗਏ ਕਾਹਵੇ ਨਾਲ ਸਾਡਾ ਸ਼ਰੀਰ ਇਕਦਮ ਚੁਸਤੀ ਨਾਲ ਭਰ ਗਿਆ ਅਤੇ ਸਾਡੀ ਸਾਰੀ ਥਕਾਵਟ ਦੂਰ ਹੋ ਗਈ। ਸਾਡੇ ਦੋ ਸਾਥੀ ਪਿੱਛੇ ਰਹਿ ਗਏ ਸਨ ਜਿਹਨਾਂ ਦਾ ਇੰਤਜਾਰ ਅਸੀਂ ਕਰੀਬ 1.5 ਘੰਟੇ ਤੱਕ ਕੀਤਾ। ਫਿਰ ਅਸੀਂ ਗੁਫਾ ਦੇ ਨੇੜੇ ਵਾਲੀ ਦੁਕਾਨ ਤੋਂ ਪ੍ਰਸ਼ਾਦਿ ਲਿਆ। ਸਾਡੇ ਇਕ ਸਾਥੀ ਸੁਸ਼ੀਲ ਜਿੰਦਲ ਜੀ ਲੁਧਿਆਣਾ ਤੋਂ ਹੀ ਆਪਣੇ ਨਾਲ ਬੇਲ ਪੱਤਰੀ ਲੈ ਕੇ ਆਏ ਹੋਏ ਸੀ ਜਿਹੜੀ ਭੋਲੇ ਸ਼ੰਕਰ ਨੂੰ ਚੜਾਈ ਜਾਂਦੀ ਹੈ। ਸਾਰੇ ਮੈਂਬਰਾਂ ਨੇ ਉਹਨਾਂ ਕੋਲੋਂ ਬੇਲ ਪੱਤਰੀ ਲੈ ਲਈ। ਇਥੇ ਫਿਰ ਰਾਕੇਸ਼ ਮਾਲੜਾ ਜੀ ਦੇ ਚੰਗੇ ਜਾਣਕਾਰੀ ਵਿਕਾਸ ਚੌਧਰੀ ਨੇ ਫੋਨ ਕਰਕੇ ਸੀ.ਆਰ.ਪੀ.ਐਫ. ਦਾ ਇਕ ਜਵਾਨ ਸਾਡੇ ਨਾਲ ਦਰਸ਼ਨ ਕਰਵਾਉਣ ਵਾਸਤੇ ਭੇਜ ਦਿੱਤਾ। ਇਸੇ ਦੌਰਾਨ ਸਾਡੇ ਨੌਜਵਾਨ ਸਾਥੀ ਸੁਭਾਸ਼ ਚੰਦਰ ਜੀ ਦੇ ਦਾਮਾਦ ਰਮਨ ਕੁਮਾਰ ਨੂੰ ਆਕਸੀਜਨ ਦੀ ਸਮੱੱਸਿਆ ਆ ਗਈ ਅਤੇ ਊਸਨੂੰ ਮਿਲਟਰੀ ਹਸਪਤਾਲ ਵਿਚ ਆਕਸੀਜਨ ਲਗਾਉਣੀ ਪੈ ਗਈ। ਸਾਰੇ ਸਾਥੀ ਹਰ-ਹਰ ਮਹਾਦੇਵ, ਭੈ ਭੋਲੇ ਸ਼ੰਕਰ, ਬੰਮ-ਬੰਮ ਭੋਲੇ ਦੇ ਜੈਕਾਰੇ ਲਗਾਉਂਦੇ ਹੋਏ ਇਕ ਇਕ ਪੌੌੜੀ ਚੜਦੇ ਹੋਏ ਭਗਵਾਨ ਸ਼ਿਵ ਦੇ ਬਰਫਾਨੀ ਦਰਬਾਰ ਦੇ ਸਾਹਮਣੇ ਪਹੁੰਚ ਗਏ। ਸ਼੍ਰੀ ਅਮਰਨਾਥ ਜੀ ਦੀ ਇਹ ਗੁਫ 13500 ਫੁੱਟ ਦੀ ਉਚਾਈ ਤੇ ਸਥਿਤ ਹੈ। ਗੁਫਾ ਦੇ ਸਾਹਮਣੇ ਹੀ ਇਕ ਖੁੱਲਾ ਬਰਾਮਦਾ ਹੈ ਜਿੱਥੇ ਤੁਸੀਂ 5-10 ਮਿਨਟ ਜਾਂ ਸ਼ਰਧਾਲੂ ਘੱਟ ਹੋਣ ਤੇ ਜਿਆਦਾ ਦੇਰ ਤੱਕ ਵੀ ਬੈਠ ਕੇ ਜਾਂ ਖੜੇ ਹੋ ਕੇ ਭੋਲੇ ਸ਼ੰਕਰ ਦੇ ਇਸ ਰੂਪ ਦੇ ਦਰਸ਼ਨ ਕਰ ਸਕਦੇ ਹੋ। ਇਥੇ ਪੰਛੀਆਂ ਵਿਚੋਂ ਸਿਰਫ ਕਬੂਤਰ ਹੀ ਦਿਖਾਈ ਦਿੰਦੇ ਹਨ। ਹਰ ਕਿਸੇ ਸ਼ਰਧਾਲੂ ਦੇ ਮੰਨ ਵਿਚ ਕਬੂਤਰਾਂ ਦਾ ਜੋੜਾ ਦੇਖਣ ਦੀ ਇੱਛਾ ਹੁੰਦੀ ਹੈ। ਇੱਥੇ ਕਾਲੇ ਅਤੇ ਚਿੱਟੇ ਦੋਵੇਂ ਰੰਗਾਂ ਦੇ ਕਬੂਤਰ ਦੇਖਣ ਨੂੰ ਮਿਲ ਜਾਂਦੇ ਹਨ। ਚਿੱਟੇ ਕਬੂਤਰਾਂ ਦਾ ਜੋੜਾ ਕਿਸਮਤ ਨਾਲ ਹੀ ਦੇਖਣ ਨੂੰ ਮਿਲਦਾ ਹੈ। ਇਕ ਚਿੱਟਾ ਅਤੇ ਇਕ ਕਾਲਾ ਕਬੂਤਰ ਆਮ ਤੌਰ ’ਤੇ ਸਾਰਿਆਂ ਨੂੰ ਦਿਖਾਈ ਦੇ ਜਾਂਦਾ ਹੈ। ਹੁਣ ਅਸੀਂ ਭੋਲੇ ਸ਼ੰਕਰ ਦੇ ਦਰਸ਼ਨ ਬੜੇ ਅਰਾਮ ਨਾਲ ਕਰ ਰਹੇ ਸੀ ਕਿਉਂਕਿ ਸਾਡੇ ਨਾਲ ਸੀ.ਆਰ.ਪੀ.ਐਫ. ਦਾ ਜਵਾਨ ਸੀ ਜਿਸ ਕਾਰਣ ਸਾਨੂੰ ਥੋੜਾ ਸਮਾਂ ਜਿਆਦਾ ਮਿਲ ਗਿਆ। ਇਥੇ ਸ਼ਰਧਾ ਨਾਲ ਸਾਡਾ ਸਿਰ ਝੁਕ ਗਿਆ ਅਤੇ ਅੱਖਾਂ ਵਿਚੋਂ ਗੰਗਾ ਦੀ ਧਾਰਾ ਬਹਿ ਨਿਕਲੀ ਕਿ ਹੇ ਭੋਲੇ ਸ਼ੰਕਰ! ਅਸੀਂ ਤੇਰੇ ਇਸ ਰੂਪ ਦੇ ਦਰਸ਼ਨ ਕਈ ਸਾਲਾਂ ਤੋਂ ਨਹੀਂ ਕਰ ਸਕੇ। ਤੇਰੀ ਕ੍ਰਿਪਾ ਹੋਈ ਹੈ ਕਿ ਇਸ ਸਾਲ ਅਸੀਂ ਤੇਰੇ ਦਰਬਾਰ ’ਤੇ ਆ ਕੇ ਤੇਰੇ ਦਰਸ਼ਨ ਕਰ ਸਕੇ ਹਾਂ। ਹੇ ਭੋਲੇ ਸ਼ੰਕਰ! ਸਾਡੇ ਤੇ ਕ੍ਰਿਪਾ ਕਰੀਂ ਕਿ ਅਸੀਂ ਇਕ ਵਾਰ ਫਿਰ ਤੇਰੇ ਦਰਬਾਰ ’ਚ ਆ ਕੇ ਤੇਰੇ ਬਰਫਾਨੀ ਰੂਪ ਦੇ ਦਰਸ਼ਨ ਕਰ ਸਕੀਏ। ਭਗਵਾਨ ਸ਼ੰਕਰ ਦਾ ਸਰੂਪ ਗੁਫਾ ਦੇ ਅੰਦਰ ਸੱਜੇ ਹੱਥ ਹੈ ਅਤੇ ਖੱਬੇ ਹੱਥ ਮਾਤਾ ਪਾਰਵਤੀ ਜੀ ਦੇ ਨਾਲ ਸ਼੍ਰੀ ਗਣੇਸ਼ ਦੇ ਦਰਸ਼ਨ ਹੁੰਦੇ ਹਨ। ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਵੱਲੋਂ ਹੁਣ ਇਹਨਾਂ ਦੇ ਅੱਗੇ ਲੋਹੇ ਦੇ ਜੰਗਲੇ ਲਗਾ ਦਿੱਤੇ ਹਨ ਕਿਉਂਕਿ ਪਹਿਲਾਂ ਸ਼ਰਧਾਲੂ ਭੋਲੇ ਸ਼ੰਕਰ ਦੇ ਬਰਫਾਨੀ ਰੂਪ ਦੇ ਬਿਲਕੁਲ ਕੋਲ ਜਾਂਦੇ ਸੀ। ਕੈਮਰਾ ਅਤੇ ਮੋਬਾਈਲ ਇਥੇ ਲਿਜਾਣਾ ਮਨਾਂ ਹੈ ਕਿਉਂਕਿ ਫੋਟੋ ਖਿੱਚਣ ਨਾਲ ਬਾਬਾ ਬਰਫਾਨੀ ਦਾ ਸਰੂਪ ਜਲਦੀ ਅਲੋਪ ਹੋ ਜਾਂਦਾ ਹੈ। ਇਥੋਂ ਕੁੰਡ ਦਾ ਜਲ ਘਰ ਲੈ ਕੇ ਜਾਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਨੇ ਹੁਣ ਇਥੇ ਕੁੰਡ ਦੇ ਜਲ ਨੂੰ ਪਾਣੀ ਦੀ ਪਾਈਪ ਲਗਾ ਕੇ ਪੌੜੀਆਂ ਦੇ ਰਾਸਤੇ ਵਿਚ ਟੂਟੀਆਂ ਲਗਾ ਦਿੱਤੀਆਂ ਹਨ ਜਿਥੋਂ ਸ਼ਰਧਾਲੂ ਇਹ ਜਲ ਭਰ ਕੇ ਆਪਣੇ ਘਰਾਂ ਨੂੰ ਲਿਜਾਂਦੇ ਹਨ। ਅਸੀਂ ਵੀ ਇਥੋਂ ਆਪਣੇ ਵਾਸਤੇ ਜਲ ਭਰ ਲਿਆ।
ਬਹੁਤ ਹੀ ਸ਼ਾਂਤਮਈ ਅਤੇ ਖੁੱਲੇ ਮਹੌਲ ’ਚ ਬਾਬਾ ਅਮਰਨਾਥ ਬਰਫਾਨੀ, ਭੋਲੇ ਸ਼ੰਕਰ ਦੇ ਦਰਸ਼ਨ ਕਰਕੇ ਆਤਮਾ ਨੂੰ ਬਹੁਤ ਸਕੂਨ ਮਿਲਿਆ ਅਤੇ ਯਾਤਰਾ ਸਫਲ ਹੋ ਗਈ। ਕਈ ਸ਼ਰਧਾਲੂਆਂ ਦੀ ਗੁਫਾ ਦੇ ਕੋਲ ਪਹੁੰਚ ਕੇ ਹੀ ਆਕਸੀਜਨ ਘੱਟ ਜਾਂਦੀ ਹੈ ਅਤੇ ਉਹ ਭਗਵਾਨ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਜਾਂਦੇ ਹਨ। ਸਾਡੇ ਨੌਜਵਾਨ ਸਾਥੀ ਰਮਨ ਕੁਮਾਰ ਨਾਲ ਵੀ ਇਹੋ ਹੋਇਆ ਅਤੇ ਉਹ ਆਕਸੀਜਨ ਘੱਟਣ ਕਾਰਣ ਦਰਸ਼ਨ ਨਹੀਂ ਕਰ ਸਕਿਆ ਅਤੇ ਉਸਦੇ ਦਰਸ਼ਨ ਨਾ ਕਰਨ ਕਰਕੇ ਉਸਦੀ ਪਤਨੀ ਰੋਜ਼ੀ ਨੇ ਵੀ ਦਰਸ਼ਨ ਨਹੀਂ ਕੀਤੇ। ਇਸੇ ਕਰਕੇ ਕਹਿੰਦੇ ਹਨ ਕਿ ਭੋਲੇ ਦੀ ਕਿ੍ਰਪਾ ਤੋਂ ਬਗੈਰ ਉਸਦੇ ਦਰਸ਼ਨ ਨਹੀਂ ਹੋ ਸਕਦੇ। ਇਹ ਉਸ ਭੋਲੇ ਸ਼ੰਕਰ ਦੀ ਕਿ੍ਰਪਾ ਹੈ ਕਿ ਅਸੀਂ ਬਹਤੁ ਹੀ ਖੁੱਲੇ ਅਤੇ ਸੁੰਦਰ ਦਰਸ਼ਨ ਕਰ ਸਕੇ। ਹੁਣ ਸ਼ਾਮ ਢੱਲ ਚੁੱਕੀ ਸੀ ਜਦਕਿ ਰਮਨ ਦੀ ਹਾਲਤ ਥੋੜੀ ਠੀਕ ਨਹੀਂ ਸੀ। ਸਾਡੇ ਲੀਡਰ ਰਾਕੇਸ਼ ਮਾਲੜਾ ਜੀ ਨੇ ਸੁਭਾਸ਼ ਜੀ ਦੇ ਪਰਿਵਾਰ ਵਾਸਤੇ 6 ਪਾਲਕੀਆਂ ਦਾ ਇੰਤਜਾਮ ਕਰਵਾ ਕੇ ਉਹਨਾਂ ਨੂੰ ਬੁਰਾੜੀ ਲੰਗਰ ਤੱਕ ਪਹੁੰਚਾਣ ਦਾ ਪ੍ਰਬੰਧ ਕੀਤਾ। ਇਸ ਤੋਂ ਬਾਅਦ ਅਸੀਂ ਵੀ ਆਪਣਾ ਸਮਾਨ ਚੁੱਕ ਕੇ ਵਾਪਸੀ ਲਈ ਘੋੜਿਆਂ ਦਾ ਇੰਤਜਾਮ ਕਰਨ ਲੱਗੇ। ਕੁਝ ਘੋੜੇ ਸਾਡੇ ਕੋਲ ਸਨ ਜਦਕਿ ਬਾਕੀ ਦਾ ਪ੍ਰਬੰਧ ਕਰਕੇ ਅਸੀਂ ਬਾਲਟਾਲ ਕੈਂਪ ਤੱਕ ਜਾਣ ਲਈ ਘੋੜਿਆਂ ਤੇ ਸਵਾਰ ਹੋ ਗਏ। ਘੋੜੇ ਵਾਲੇ ਪੰਜਾਬੀ ਗਾਣੇ ਗਾਉਂਦੇ ਹੋਏ ਸਫਰ ਕਰ ਰਹੇ ਸਨ। ਰਾਸਤੇ ਵਿਚ ਉਹ ਪੁਰਾਣੇ ਹਿੰਦੀ ਗਾਣੇ ਵੀ ਗਾ ਰਹੇ ਸਨ, ਜਿਸ ਨਾਲ ਸਫਰ ਥੋੜਾ ਜਿਹਾ ਰੋਮਾਂਚਕ ਹੋ ਗਿਆ ਸੀ। ਇਕ ਵਾਰ ਫਿਰ ਗਲੇਸ਼ੀਅਰ ਦੇ ਉਪਰ ਤੋਂ ਲੰਘਦੇ ਹੋਏ ਅਸੀਂ ਵਾਪਸ ਆ ਰਹੇ ਸੀ। ਹੌਲੀ-ਹੌਲੀ ਹਨੇਰਾ ਹੋਣਾ ਸ਼ੁਰੂ ਹੋ ਗਿਆ ਅਤੇ ਸੂਰਜ ਦੇਵਤਾ ਵੀ ਦਿਨ ਭਰ ਦੀ ਆਪਣੀ ਯਾਤਰਾ ਪੂਰੀ ਕਰਕੇ ਅਰਾਮ ਕਰਨ ਵਾਸਤੇ ਚਲੇ ਗਏ। ਹੁਣ ਸ਼ਰਧਾਲੂ ਆਪਣੇ ਨਾਲ ਲਿਆਂਦੀ ਹੋਈ ਟਾਰਚਾਂ ਦੇ ਸਹਾਰੇ ਯਾਤਰਾ ਕਰ ਰਹੇ ਸੀ। ਥੋੜਾ ਜਿਹਾ ਮੌਸਮ ਵੀ ਖਰਾਬ ਹੋ ਰਿਹਾ ਸੀ ਜਿਸ ਕਾਰਣ ਮੰਨ ਵਿਚ ਡਰ ਆ ਰਿਹਾ ਸੀ ਕਿ ਅਸੀਂ ਜਲਦੀ ਤੋਂ ਜਲਦੀ ਕਿਸੇ ਸੁਰੱਖਿਅਤ ਸਥਾਨ ਤੱਕ ਪਹੁੰਚ ਜਾਈਏ। ਜਦੋਂ ਅਸੀਂ ਬੁਰਾੜੀ ਪਹੁੰਚੇ ਤਾਂ ਬਾਰਿਸ਼ ਕਾਫੀ ਤੇਜ ਹੋ ਗਈ। ਅਸੀਂ ਫਟਾਫਟ ਆਪਣੇ ਲੰਗਰ ਵਿਚ ਜਾ ਪਹੁੰਚੇ। ਘੋੜੇ ਵਾਲਿਆਂ ਨੂੰ ਉਹਨਾਂ ਦਾ ਕਿਰਾਇਆ ਦੇ ਕੇ ਅਸੀਂ ਰਾਤ ਬੁਰਾੜੀ ਰੁਕਣ ਦਾ ਪ੍ਰੋਗਰਾਮ ਫਾਈਨਲ ਕੀਤਾ। ਸਾਡੇ ਸਾਥੀ ਸੁਭਾਸ਼ ਚੰਦਰ ਜੀ ਆਪਣੇ ਪਰਿਵਾਰ ਨਾਲ ਪਹਿਲਾਂ ਹੀ ਇੱਥੇ ਪਹੁੰਚ ਚੁੱਕੇ ਸੀ। ਫਿਰ ਰਾਤ ਦਾ ਗਰਮਾ-ਗਰਮ ਖਾਣਾ ਖਾ ਕੇ ਸਾਰੇ ਮੈਂਬਰਾਂ ਵਾਸਤੇ ਸੋਣ ਦਾ ਪ੍ਰਬੰਧ ਕਰਕੇ ਅਸੀਂ ਵੀ ਲੰਗਰ ਦੇ ਦੂਜੇ ਹਿਸੇ ’ਚ ਸੋਂ ਗਏ। ਇਥੇ ਬੁਰਾੜੀ ਵਿਖੇ ਲੰਗਰ ਤਿਆਰ ਕਰਕੇ ਭੋਲੇ ਸ਼ੰਕਰ ਦੇ ਭਗਤਾਂ ਦੀ ਸੇਵਾ ਕਰਨ ਲਈ ਸੇਵਾਦਾਰਾਂ ਦਾ ਵੱਡਾ ਗਰੁੱਪ ਹੈ। ਯਾਤਰਾ ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਇਥੇ ਵੀ ਕਈ ਤਰ੍ਹਾਂ ਦੇ ਸਵਾਦਿਸ਼ਟ ਖਾਣੇ ਮਿਲਦੇ ਹਨ। ਲੰਗਰ ਤਿਆਰ ਕਰਨ ਵਾਲੇ ਸਵੇਰ ਦੇ ਲੰਗਰ ਦੀ ਤਿਆਰੀ ਕਰਕੇ ਸੋਂ ਗਏ।
Day - 5, Yatra Burari Marg to Baltal Base Camp & Srinagar
16 ਜੁਲਾਈ 2015 (ਯਾਤਰਾ ਦਾ ਪੰਜਵਾ ਦਿਨ) – ਅਗਲੇ ਦਿਨ 16 ਜੁਲਾਈ ਨੂੰ ਜਦੋਂ ਅਸੀਂ ਸੋਂ ਕੇ ਉਠੇ ਤਾਂ ਮੌਸਮ ਬਹੁਤ ਹੀ ਖੁਸ਼ਗਵਾਰ ਸੀ। ਰੂਟੀਨ ਦੇ ਕੰਮਾਂ ਤੋਂ ਨਿਬਟ ਕੇ ਅਸੀਂ ਇਥੇ ਲੰਗਰ ਤੋਂ ਸਵਾਦਿਸ਼ਟ ਗਰਮਾ-ਗਰਮ ਚਾਹ ਦੇ ਨਾਲ ਫਰੈਸ਼ ਹੋ ਕੇ ਆਪਣੀ ਵਾਪਸੀ ਦੀ ਚਾਲ ਫੜ ਲਈ। ਮੀਨਾਕਸ਼ੀ ਦੇ ਨਾਲ ਮਿਲ ਕੇ ਇਹ ਸਫਰ ਹੁਣ ਅਸੀਂ ਪੈਦਲ ਹੀ ਕਰਨ ਦਾ ਫੈਸਲਾ ਕੀਤਾ। ਢਲਾਨ ਹੋਣ ਕਾਰਣ ਵਾਪਸੀ ਦੀ ਕੋਈ ਮੁਸ਼ਕਲ ਨਹੀਂ ਹੋ ਰਹੀ ਸੀ। ਇਕ ਦੋ ਥਾਵਾਂ ਤੇ ਥੋੜੀ ਚੜਾਈ ਹੋਣ ਕਰਕੇ ਥੋੜੀ ਮੁਸ਼ਕਲ ਹੋਈ ਪਰ ਇਕ ਦੂਜੇ ਦੇ ਸਾਥ ਨਾਲ ਵਾਪਸੀ ਅਸਾਨ ਸੀ। ਰਾਸਤੇ ਵਿਚ ਕੁਦਰਤ ਦੇ ਬਹੁਤ ਸਾਰੇ ਨਜ਼ਾਰਿਆਂ ਨੂੰ ਹੁਣ ਨੇੜੇ ਤੋਂ ਦੇਖਣ ਦਾ ਮੌਕਾ ਮਿਲਿਆ। ਹਰ ਕੋਈ ਇਹਨਾਂ ਸੁੰਦਰ ਨਜ਼ਾਰਿਆਂ ਨੂੰ ਆਪਣੇ ਮੋਬਾਈਲ ਦੇ ਕੈਮਰੇ ਵਿਚ ਕੈਦ ਕਰਕੇ ਯਾਦਾਂ ਸੰਜੋ ਰਿਹਾ ਸੀ। ਝਰਨੇ ਅਤੇ ਪਹਾੜਾਂ ਦੀ ਖੂਬਸੂਰਤੀ ’ਚ ਹਰ ਕੋਈ ਮਦਹੋਸ਼ ਹੋ ਰਿਹਾ ਸੀ। ਬਹੁਤ ਜਲਦੀ ਹੀ ਅਸੀਂ ਇਕ ਦੂਜੇ ਦੇ ਸਾਥ ਨਾਲ ਆਪਣੇ ਬੇਸ ਕੈਂਪ ਵਿਚ ਪਹੁੰਚ ਗਏ। ਇਥੇ ਆ ਕੇ ਸਾਰੇ ਸਾਥੀ ਨਹਾ-ਧੋ ਕੇ ਫਰੈਸ਼ ਹੋ ਗਏ। ਥੋੜਾ ਜਿਹਾ ਅਰਾਮ ਕੀਤਾ ਤਾਂ ਕੈਂਪ ਵਾਲਿਆਂ ਨੇ ਨਾਸ਼ਤਾ ਤਿਆਰ ਕਰ ਦਿੱਤਾ। ਗਰਮਾ-ਗਰਮ ਸਵਾਦਿਸ਼ਟ ਨਾਸ਼ਤਾ ਕਰਕੇ ਸ਼ਰੀਰ ਇਕਦਮ ਫਰੈਸ਼ ਹੋ ਗਿਆ।
ਅਗਲਾ ਪ੍ਰੋਗਰਾਮ ਕਮਾਂਡਰ ਸਾਹਿਬ ਨੇ ਬਣਾਇਆ ਕਿ ਇਥੋਂ ਚੱਲ ਕੇ ਰਾਸਤੇ ਵਿਚ ਸੋਨਾਮਾਰਗ ਦੀ ਖੂਬਸੂਰਤੀ ਦੇਖਣ ਤੋਂ ਰਾਤ ਸ਼੍ਰੀਨਗਰ ਰੁਕਿਆ ਜਾਵੇ। ਬੇਸ ਕੈਂਪ ਵਿਚ ਯਾਤਰੀਆਂ ਦੀ ਸੇਵਾ ਕਰਨ ਵਾਲੇ ਸ਼੍ਰੀ ਮੰਗਤ ਰਾਮ ਅਤੇ ਇੰਦਰਜੀਤ ਜੀ ਦਾ ਧੰਨਵਾਦ ਕਰਕੇ ਅਸੀਂ ਆਪਣੀਆਂ ਗੱਡੀਆਂ ਸ਼੍ਰੀਨਗਰ ਵਾਲੇ ਰੂਟ ਨੂੰ ਪਾ ਲਈਆਂ। ਸਾਡੇ ਨਾਲ ਹੁਣ ਸਾਡੀ ਕਾਰ ਵਿਚ ਲੁਧਿਆਣਾ ਵਾਲੇ ਸੰਦੀਪ ਗਰਗ ਅਤੇ ਉਹਨਾਂ ਦੀ ਪਤਨੀ ਰੇਣੂ ਵੀ ਮੌਜੂਦ ਸਨ। ਆਪਸ ਵਿਚ ਗੱਲਾਂ ਕਰਦੇ ਹੋਏ 20 ਕੁ ਮਿਨਟਾਂ ਬਾਅਦ ਹੀ ਅਸੀਂ ਸੋਨਾਮਾਰਗ ਦੀਆਂ ਹਸੀਨ ਵਾਦੀਆਂ ’ਚ ਪਹੁੰਚ ਗਏ। ਰਾਸਤੇ ਵਿਚ ਕਈ ਜਗ੍ਹਾ ਰੁਕ ਕੇ ਕੁਦਰਤ ਦੀ ਖੂਬਸੂਰਤੀ ਨਾਲ ਯਾਦਗਾਰ ਫੋਟੋ ਖਿਚਵਾਈਆਂ। ਸੋਨਾਮਾਰਗ ਵਿਚ ਕੁਦਰਤ ਨੇ ਬਹੁਤ ਹੀ ਖੁੱਲੇ ਦਿਲ ਨਾਲ ਆਪਣੀ ਸੁੰਦਰਤਾ ਖਲੇਰੀ ਹੋਈ ਹੈ। ਪ੍ਰੇਮੀ ਜੋੜਿਆਂ ਅਤੇ ਨਵੇਂ ਵਿਆਹਿਆਂ ਵਾਸਤੇ ਇਹ ਜਗ੍ਹਾ ਸਵਰਗ ਹੈ। ਇਥੇ ਨਦੀ ਦੇ ਕਿਨਾਰੇ ਹੀ ਇਕ ਪਾਰਕ ਬਣਿਆ ਹੋਇਆ ਹੈ ਜਿੱਥੇ ਅਸੀਂ ਥੋੜਾ ਸਮਾਂ ਗੁਜਾਰਿਆ ਅਤੇ ਕੁਦਰਤ ਦੀ ਨਿੱਘੀ ਗੋਦ ’ਚ ਬੈਠ ਕੇ ਇਥੋਂ ਦੀ ਸੁੰਦਰਤਾ ਨੂੰ ਨੇੜੇ ਤੋਂ ਦੇਖਿਆ। ਸਾਰੇ ਮੈਂਬਰਾਂ ਨੇ ਇਥੇ ਬਣੀ ਹੋਈ ਹੱਟ ਉਪਰ ਫੋਟੋਗ੍ਰਾਫੀ ਕਰਵਾਈ ਅਤੇ ਯਾਦਾਂ ਨੂੰ ਆਪਣੇ ਕੈਮਰੇ ਜਾਂ ਮੋਬਾਈਲ ਵਿਚ ਕੈਦ ਕਰ ਲਿਆ। ਮੀਨਾਕਸ਼ੀ ਨੇ ਸਨੋ ਸਕੂਟਰ ਦੀ ਸਵਾਰੀ ਕੀਤੀ। ਇਸ ਤੋਂ ਬਾਅਦ ਅਸੀਂ ਸੋਨਾਮਾਰਗ ਪਹੁੰਚ ਗਏ। ਸੋਨਾਮਾਰਗ ਦੀਆਂ ਇਹਨਾਂ ਵਾਦੀਆਂ ’ਚ ਥੇਜਾਵਸ ਗਲੇਸ਼ੀਅਰ ਹੈ ਜਿੱਥੇ ਜਾਣ ਵਾਸਤੇ ਘੋੜੇ ਮਿਲਦੇ ਹਨ। ਰੇਟ ਦਾ ਮੋਲ-ਭਾਅ ਕਰਨਾ ਪੈਂਦਾ ਹੈ, ਪਰ ਗੱਲ ਬਣ ਜਾਂਦੀ ਹੈ। ਅਸੀਂ ਸੋਨਾਮਾਰਗ ਗਲੇਸ਼ੀਅਰ ਦੇ ਸਟਾਰਟਿੰਗ ਪੁਆਇੰਟ ਤੱਕ ਗਏ ਜਿੱਥੇ ਇਕ ਕਾਰ ਦੀ 25/- ਐਂਟਰੀ ਫੀਸ ਲੱਗੀ। ਇਥੇ ਨਦੀ ਦਾ ਪਾਣੀ ਬਿਲਕੁਲ ਦੁੱਧ ਵਰਗਾ ਚਿੱਟਾ ਹੈ ਜਿਸਦੇ ਕਿਨਾਰੇ ਪੱਥਰਾਂ ਤੇ ਬੈਠ ਕੇ ਦਿਲ ਬਹੁਤ ਖੁਸ਼ ਹੁੰਦਾ ਹੈ ਅਤੇ ਬਹੁਤ ਹੀ ਅਨੰਦ ਮਿਲਦਾ ਹੈ। ਕੁਦਰਤ ਦੀ ਸੁੰਦਰਤਾ ਚਾਰੇ ਪਾਸੇ ਬਿਖਰੀ ਹੋਈ ਹੈ। ਇਕ ਪਾਸੇ ਨਦੀ ਅਤੇ ਦੂਜੇ ਪਾਸੇ ਪਹਾੜ ਹੈ। ਜਿੱਥੇ ਜੋੜੇ ਆਪਣੇ ਸਾਥੀ ਨਾਲ ਇਸ ਖੂਬਸੂਰਤੀ ਨੂੰ ਮਹਿਸੂਸ ਕਰਦੇ ਹੋਏ ਮਸਤੀ ਕਰ ਰਹੇ ਸੀ ਉਥੇ ਇਕੱਲੇ ਆਉਣ ਵਾਲੇ ਥੋੜਾ ਜਿਹਾ ਇਕੱਲਾਪੰਨ ਮਹਿਸੂਸ ਕਰ ਰਹੇ ਸੀ। ਕਾਫੀ ਦੇਰ ਤੱਕ ਮਸਤੀ ਕਰਨ ਤੋਂ ਬਾਅਦ ਅਸੀਂ ਸ਼੍ਰੀਨਗਰ ਨੂੰ ਗੱਡੀਆਂ ਮੋੜ ਲਈਆਂ।
ਸ਼ਾਮ ਤੱਕ ਅਸੀਂ ਸ਼੍ਰੀਨਗਰ ਪਹੁੰਚ ਗਏ। ਇਥੇ ਡੱਲ ਝੀਲ ਦੇ ਸਾਹਮਣੇ ਹੀ ਨਿਸ਼ਾਤ ਬਾਗ ਦੇਖਣ ਦਾ ਫੈਸਲਾ ਹੋਇਆ। ਬਾਗ ਵਿਚ ਐਂਟਰੀ ਕਰਨ ਦੀ ਫੀਸ 20/- ਪ੍ਰਤੀ ਮੈਂਬਰ ਹੈ ਜਦਕਿ ਝੀਲ ’ਤੇ ਗੱਡੀਆਂ ਦੀ ਪਾਰਕਿੰਗ ਫੀਸ 50/- ਪ੍ਰਤੀ ਗੱਡੀ ਹੈ। ਆਪਣੀਆਂ ਗੱਡੀਆਂ ਪਾਰਕਿੰਗ ਵਿਚ ਲਗਾ ਕੇ ਅਸੀਂ ਨਿਸ਼ਾਤ ਬਾਗ ਦੇ ਅੰਦਰ ਚਲੇ ਗਏ। ਬਾਗ ਦੇ ਅੰਦਰ ਕਈ ਤਰ੍ਹਾਂ ਦੇ ਫੁੱਲ ਖਿੜੇ ਹੋਏ ਸੀ ਅਤੇ ਪਾਰਕ ਬਹੁਤ ਹੀ ਸਾਫ ਸੁਥਰੇ ਹਨ। ਕਈ ਤਰ੍ਹਾਂ ਦੇ ਫਵਾਰੇ ਹਨ ਜੋ ਕਿ ਇਕ ਤੋਂ ਉਪਰ ਇਕ ਬਣਾਏ ਹੋਏ ਹਨ। ਇਥੋਂ ਡੱਲ ਝੀਲ ਦੀ ਸੁੰਦਰਤਾ ਹੋਰ ਵੀ ਜਿਆਦਾ ਸੁੰਦਰ ਲੱਗਦੀ ਹੈ। 1970-80 ਦੇ ਦਸ਼ਕ ਦੀਆਂ ਕਈ ਫਿਲਮਾਂ ਦੀ ਸ਼ੂਟਿੰਗ ਇਥੇ ਹੋਈ ਹੈ। ਕਸ਼ਮੀਰੀ ਡਰੈਸ ਵਿਚ ਫੋਟੋ ਖਿਚਵਾਣਾ ਹਰੇਕ ਦਾ ਸ਼ੌਕ ਹੁੰਦਾ ਹੈ। ਅਸੀਂ ਵੀ ਕਸ਼ਮੀਰੀ ਡਰੈਸ ਕਿਰਾਏ ਤੇ ਲੈ ਕੇ ਆਪਣੇ ਕੈਮਰੇ ਨਾਲ ਫੋਟੋ ਖਿਚਵਾਈਆਂ। ਸੰਦੀਪ ਜੀ ਅਤੇ ਅਸੀਂ ਆਪਸ ਵਿਚ ਹੀ ਇਕ ਦੂਸਰੇ ਦੇ ਪੋਜ਼ ਬਣਾ ਕੇ ਫੋਟੋਗ੍ਰਾਫੀ ਕਰਦੇ ਰਹੇ। ਸਾਡੀ ਇਹ ਪਹਿਲੀ ਕਸ਼ਮੀਰ ਯਾਤਰਾ ਸੀ ਤੇ ਸਾਡੇ ਵਾਸਤੇ ਸਾਰਾ ਕੁਝ ਨਵਾਂ ਸੀ। ਕਸ਼ਮੀਰ ਬਾਰੇ ਜੋ ਸੁਣਿਆ ਅਤੇ ਪੜਿਆ ਸੀ ਉਹੀ ਸੁੰਦਰਤਾ ਇਥੇ ਦੇਖਣ ਨੂੰ ਮਿਲੀ। ਇਥੋਂ ਦੇ ਹਲਾਤਾਂ ਬਾਰੇ ਜੋ ਆਮ ਤੌਰ ’ਤੇ ਟੀ.ਵੀ. ਤੇ ਦਿਖਾਇਆ ਜਾਂਦਾ ਹੈ, ਉਹ ਕਿਤੇ ਨਜ਼ਰ ਨਹੀਂ ਆ ਰਿਹਾ ਸੀ। ਸ਼ਾਇਦ ਅਮਰਨਾਥ ਯਾਤਰਾ ਦੌਰਾਨ ਸੁਰੱਖਿਆ ਇੰਤਜਾਮ ਹੋਰ ਜਿਆਦਾ ਸਖਤ ਹੋ ਜਾਂਦੇ ਹਨ, ਇਹ ਵੀ ਇਕ ਕਾਰਣ ਹੋ ਸਕਦਾ ਹੈ। ਟੂਰਿਸਟ ਜਿਆਦਾਤਰ ਅਮਰਨਾਥ ਯਾਤਰਾ ਦੇ ਸੀਜ਼ਨ ਦੌਰਾਨ ਆਉਂਦੇ ਹਨ ਜਦਕਿ ਇਥੋਂ ਦੇ ਆਮ ਨਾਗਰਿਕ ਚਾਹੁੰਦੇ ਹਨ ਕਿ ਟੂਰਿਸਟ ਸਾਰਾ ਸਾਲ ਆਉਣ ਅਤੇ ਉਹਨਾਂ ਦੇ ਕੰਮ-ਧੰਧੇ ਚੱਲਣ। ਕਾਫੀ ਦੇਰ ਤੱਕ ਨਿਸ਼ਾਤ ਬਾਗ ਦੀ ਸੈਰ ਕਰਨ ਤੋਂ ਬਾਅਦ ਰਾਤ ਦੀ ਰੋਸ਼ਨੀ ਵਿਚ ਡੱਲ ਝੀਲ ਦੇ ਨਾਲ ਸੈਰ ਵੀ ਕੀਤੀ। ਇਸ ਤੋਂ ਬਾਅਦ ਆ ਕੇ ਅਸੀਂ ਕੋਹਲੀ ਹੋਟਲ ਵਿਚ ਕਮਰੇ ਬੁੱਕ ਕੀਤੇ ਅਤੇ ਆਪਣੇ-ਆਪਣੇ ਕਮਰਿਆਂ ’ਚ ਆ ਕੇ ਅਰਾਮ ਕਰਨ ਲੱਗੇ। ਕਈ ਮੈਂਬਰ ਮਾਰਕੀਟ ’ਚ ਸ਼ੋਪਿੰਗ ਕਰਨ ਚਲੇ ਗਏ। ਮੇਰੀ ਪਤਨੀ ਮੀਨਾਕਸ਼ੀ ਨੇ ਵੀ ਆਪਣੇ ਵਾਸਤੇ ਅਤੇ ਮੇਰੀ ਮਾਂ ਵਾਸਤੇ ਕਸ਼ਮੀਰੀ ਸੂਟ ਇਥੋਂ ਦੀ ਯਾਦਗਾਰੀ ਦੇ ਵਜੋਂ ਖਰੀਦੇ। ਰਾਤ ਨੂੰ ਇਕ ਵਾਰ ਫਿਰ ਵਿਕਾਸ ਚੌਧਰੀ ਜੀ ਆਪਣੇ ਸਾਥੀ ਅਫਸਰ ਨਾਲ ਸਾਡੇ ਕੋਲ ਕੋਹਲੀ ਹੋਟਲ ਵਿਚ ਆ ਗਏ। ਇਸ ਤਰ੍ਹਾਂ ਸਾਨੂੰ ਫਿਰ ਉਹਨਾਂ ਨਾਲ ਇਕੱਠੇ ਡਿਨਰ ਕਰਨ ਅਤੇ ਕਈ ਮਾਮਲਿਆਂ ’ਤੇ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਮਿਲ ਗਿਆ। ਸਾਡੇ ਕਈ ਸਾਥੀਆਂ ਨੇ ਕ੍ਰਿਸ਼ਨਾ ਢਾਬੇ ਤੇ ਜਾ ਕੇ ਡਿਨਰ ਕੀਤਾ ਜਦਕਿ ਅਸੀਂ ਆਪਣਾ ਰਾਤ ਦਾ ਖਾਣਾ ਹੋਟਲ ਵਿਚ ਹੀ ਮੰਗਵਾ ਲਿਆ। ਇਕੱਠੇ ਬੈਠ ਕੇ ਡਿਨਰ ਕਰਨ ਤੋਂ ਬਾਅਦ ਵਿਕਾਸ ਚੌਧਰੀ ਜੀ ਰਾਤ 10.30 ਵਜੇ ਦੇ ਕਰੀਬ ਗਏ। ਅਸੀਂ ਵੀ ਹੁਣ ਆਪਣੇ-ਆਪਣੇ ਕਮਰਿਆਂ ’ਚ ਅਰਾਮ ਕਰਨ ਲਈ ਆ ਗਏ। ਹੁਣ ਵੀ ਅਸੀਂ ਇਕ ਕਮਰੇ ਵਿਚ ਚਾਰ ਮੈਂਬਰ ਹੀ ਰੁਕੇ ਹੋਏ ਸੀ। ਹਮ ਉਮਰ ਅਤੇ ਇਕੋ ਜਿਹੇ ਖਿਆਲਾਂ ਦੇ ਹੋਣ ਕਾਰਣ ਸੰਦੀਪ ਜੀ ਹੋਰਾਂ ਦਾ ਸਾਡੇ ਨਾਲ ਸਾਥ ਵਧੀਆ ਨਿਭ ਰਿਹਾ ਸੀ।
Day - 6, Jounery From Srinagar to Jammu
17 ਜੁਲਾਈ 2015 (ਯਾਤਰਾ ਦਾ ਛੇਵਾਂ ਦਿਨ) – ਰਾਤ ਨੂੰ ਹੋਈ ਹਲਕੀ ਜਿਹੀ ਬਾਰਿਸ਼ ਨੇ ਮੌਸਮ ਬਹੁਤ ਸੁਹਾਵਣਾ ਬਣਾ ਦਿੱਤਾ ਸੀ। ਸਵੇਰੇ ਉਠੇ ਤਾਂ ਕਮਰੇ ਵਿਚ ਹੀ ਬੈਡ ਟੀ ਆ ਗਈ। ਬੈਡ ਟੀ ਪੀ ਕੇ ਸਾਰੇ ਮੈਂਬਰ ਹੋਟਲ ਦੇ ਗਾਰਡਨ ਵਿਚ ਇਕੱਠੇ ਹੋਏ ਤਾਂ ਕਈ ਸਾਥੀ ਵਾਪਸੀ ਕਰਨਾ ਚਾਹੁੰਦੇ ਸਨ ਜਦਕਿ ਕੁਝ ਸਾਥੀ ਇਥੇ ਇਕ ਦਿਨ ਰੁਕਣਾ ਚਾਹੁੁੰਦੇ ਸੀ। ਜਦੋਂ ਵਾਪਸੀ ਕਰਨ ਦਾ ਫੈਸਲਾ ਹੋ ਗਿਆ ਤਾਂ ਅਸੀਂ ਸ਼੍ਰੀਨਗਰ ਦੇ ਕੁਝ ਮਸ਼ਹੂਰ ਸਥਾਨ ਦੇਖਣ ਦਾ ਮੰਨ ਬਣਾ ਲਿਆ। ਰਾਕੇਸ਼ ਜੀ ਨਾਲ ਗੱਲ ਹੋਈ ਤਾਂ ਉਹਨਾਂ ਕਿਹਾ ਕਿ ਅਸੀਂ ਦੋ ਘੰਟੇ ਘੁੰਮ ਸਕਦੇ ਹਾਂ। ਜੇਕਰ ਉਹ ਚੱਲ ਵੀ ਪਏ ਤਾਂ ਹੌਲੀ-ਹੌਲੀ ਚੱਲਦੇ ਹੋਏ ਜਵਾਹਰ ਟਨਲ ਕੋਲ ਸਾਡਾ ਇੰਤਜਾਰ ਕਰਨਗੇ। ਸੰਦੀਪ ਗਰਗ ਅਤੇ ਰੇਣੂ ਜੀ ਵੀ ਸਾਡੇ ਨਾਲ ਘੁੰਮਣਾ ਚਾਹੁੰਦੇ ਸੀ ਕਿਉਂਕਿ ਇਹ ਨਹੀਂ ਪਤਾ ਸੀ ਕਿ ਦੁਬਾਰਾ ਇੱਥੇ ਆਉਣਾ ਹੋਵੇਗਾ ਜਾਂ ਨਹੀਂ। ਬਾਕੀ ਮੈਂਬਰਾਂ ਨੰ ਹੋਟਲ ਵਿਚ ਹੀ ਛੱਡ ਕੇ ਅਸੀਂ ਆਪਣੀ ਕਾਰ ਵਿਚ ਚਾਰ ਮੈਂਬਰ ਡੱਲ ਝੀਲ ਤੇ ਆ ਗਏ। ਇਥੇ ਅਸੀਂ ਸ਼ਿਕਾਰੇ ਵਾਲੇ ਨਾਲ ਰੇਟ ਸੈਟਲ ਕੀਤਾ ਅਤੇ ਅੱਧੇ ਕੁ ਘੰਟੇ ਲਈ ਦੁਨੀਆ ਦੀ ਮਸ਼ਹੂਰ ਡੱਲ ਝੀਲ ਵਿਚ ਸੈਰ ਕੀਤੀ। ਇਥੇ ਤੁਹਾਨੂੰ ਸ਼ਿਕਾਰੇ ਵਾਲਿਆਂ ਨਾਲ ਵੀ ਰੇਟ ਸੈਟਲ ਕਰਨਾ ਪੈਂਦਾ ਹੈ। ਇਹ ਪੁਆਇੰਟਾਂ ਦੇ ਹਿਸਾਬ ਜਾਂ ਘੰਟੇ ਦੇ ਹਿਸਾਬ ਨਾਲ ਪੈਸੇ ਲੈਂਦੇ ਹਨ। ਇਸ ਦੌਰਾਨ ਅਸੀਂ ਆਪਣਾ ਡੱਲ ਝੀਲ ਵਿਚ ਸ਼ਿਕਾਰਾ ਚਲਾਉਣ ਦਾ ਕਈ ਸਾਲ ਪੁਰਾਣਾ ਸੁਪਨਾ ਪੂਰਾ ਕੀਤਾ ਅਤੇ ਫੋਟੋਗ੍ਰਾਫੀ ਕੀਤੀ। ਝੀਲ ਦੇ ਅੰਦਰ ਹੀ ਵੱਖ-ਵੱਖ ਸਮਾਨ ਵੇਚਣ ਵਾਲੇ ਤੁਹਾਡੇ ਸ਼ਿਕਾਰੇ ਦੇ ਕੋਲ ਆ ਜਾਂਦੇ ਹਨ। ਇਹਨਾਂ ਕੋਲ ਖਾਣ-ਪੀਣ ਦੇ ਸਨੈਕਸ, ਫਰੂਟ ਚਾਟ, ਮਨਿਆਰੀ ਦਾ ਸਮਾਨ, ਡਰਾਈ ਫਰੂਟ, ਕਸ਼ਮੀਰੀ ਸੂਟ, ਕਸ਼ਮੀਰੀ ਡਰੈਸ ’ਚ ਫੋਟੋ ਖਿੱਚਣ ਵਾਲੇ ਫੋਟੋਗ੍ਰਾਫਰ ਹਰ ਤਰ੍ਹਾਂ ਦੇ ਲੋਕ ਸ਼ਾਮਲ ਹੁੰਦੇ ਹਨ। ਡੱਲ ਝੀਲ ਦੀ ਫਲੋਟਿੰਗ ਮਾਰਕੀਟ ਕਾਫੀ ਮਸ਼ਹੂਰ ਹੈ। ਕਿਸੇ ਸਮੇਂ ਦੇ ਮਸ਼ਹੂਰ ਚਾਰ ਚਿਨਾਰ ਦੀ ਹਾਲਤ ਹੁਣ ਕਾਫੀ ਪਤਲੀ ਹੋ ਗਈ ਹੈ ਅਤੇ ਇਥੇ ਸਿਰਫ ਇਕ ਚਿਨਾਰ ਦਾ ਦਰੱਖਤ ਬਚਿਆ ਹੈ। ਡੱਲ ਝੀਲ ਦੀ ਸੈਰ ਤੋਂ ਬਾਅਦ ਅਸੀਂ ਚਸ਼ਮੇ ਸ਼ਾਹੀ ਬਾਗ ਵਿਚ ਗਏ ਜਿੱਥੇ ਅਸੀਂ ਇਥੋਂ ਦਾ ਮਸ਼ਹੂਰ ਚਸ਼ਮੇ ਦਾ ਪਾਣੀ ਵੂੀ ਪੀਤਾ ਅਤੇ ਬਾਗ ਦੀ ਸੈਰ ਕੀਤੀ। ਬਾਗ ਬਹੁਤ ਸੁੰਦਰ ਬਣਿਆ ਹੋਇਆ ਹੈ ਜਿੱਥੇ ਕਈ ਤਰ੍ਹਾਂ ਦੇ ਫੁੱਲ ਹਨ। ਇਹ ਬਾਗ ਬਹੁਤ ਮਸ਼ਹੂਰ ਹੈ। ਅੱਧਾ ਕੁ ਘੰਟਾ ਅਸੀਂ ਇਸ ਬਾਗ ਵਿਚ ਬਿਤਾ ਕੇ ਹੁਣ ਪਰੀ ਮਹਿਲ ਦੇਖਣ ਲਈ ਅੱਗੇ ਵਧੇ। ਪਰੀ ਮਹਿਲ ਸ਼ਾਇਦ ਸ਼੍ਰੀਨਗਰ ’ਚ ਸਭ ਤੋਂ ਉਚਾ ਸਥਾਨ ਹੈ ਜਿਥੋਂ ਡੱਲ ਝੀਲ ਅਤੇ ਪੂਰਾ ਸ਼੍ਰੀਨਗਰ ਸ਼ਹਿਰ ਦਿਖਾਈ ਦਿੰਦਾ ਹੈ। ਪਰੀ ਮਹਿਲ ਨੂੰ ਰਾਤ ਦੀ ਰੋਸ਼ਨੀ ਵਿਚ ਦੇਖਣਾ ਜਿਆਦਾ ਸੁੰਦਰ ਲੱਗਦਾ ਹੈ ਜਦਕਿ ਦਿਨ ਦੇ ਸਮੇਂ ਇਥੋਂ ਸ਼੍ਰੀਨਗਰ ਅਤੇ ਡੱਲ ਝੀਲ ਦੀ ਸੁੰਦਰਤਾ ਦਿਖਾਈ ਦਿੰਦੀ ਹੈ। ਥੋੜੀ ਦੇਰ ਪਰੀ ਮਹਿਲ ਦੀ ਸੈਰ ਕਰਕੇ ਅਸੀਂ ਵਾਪਸ ਆਪਣੇ ਹੋਟਲ ਆ ਗਏ। ਸਾਡੇ ਬਾਕੀ ਮੈਂਬਰ ਵਾਪਸੀ ਦਾ ਸਫਰ ਸ਼ੁਰੂ ਕਰ ਚੁੱਕੇ ਸੀ। ਅਸੀਂ ਵੀ ਹੁਣ ਆਪਣੀ ਗੱਡੀ ਪੂਰੀ ਸਪੀਡ ਨਾਲ ਭਜਾਣੀ ਸ਼ੁਰੂ ਕਰ ਦਿੱਤੀ। ਰਾਸਤੇ ’ਚ ਕਰੀਬ ਸਾਰੇ ਮੈਂਬਰਾਂ ਨੇ ਡਰਾਈ ਫਰੂਟ ਖਰੀਦਿਆ। ਹੁਣ ਵਾਪਸੀ ਦਾ ਸਫਰ ਤੇਜੀ ਨਾਲ ਕੱਟ ਰਿਹਾ ਸੀ। ਜਵਾਹਰ ਟਨਲ ਤੋਂ ਪਹਿਲਾਂ ਹੀ ਅਸੀਂ ਆਪਸ ਵਿਚ ਮਿਲ ਗਏ। ਜਦੋਂ ਪੀੜਾ ਨਾਮਕ ਕਸਬੇ ਕੋਲ ਪਹੁੰਚੇ ਤਾਂ ਰਾਕੇਸ਼ ਜੀ ਨੇ ਗੱਡੀਆਂ ਢਾਬੇ ਤੇ ਰੋਕ ਦਿੱਤੀਆਂ। ਸਾਰੇ ਹੀ ਮੈਂਬਰਾਂ ਨੇ ਪੀੜੇ ਦੇ ਮਸ਼ਹੂਰ ਰਾਜਮਾਂਹ-ਚਾਵਲ ਦੀ ਪਲੇਟ ਦਾ ਆਰਡਰ ਕਰ ਦਿੱਤਾ। ਇਥੋਂ ਦੇ ਰਾਜਮਾਂਹ-ਚਾਵਲ ਬਹੁਤ ਮਸ਼ਹੂਰ ਹਨ। ਚਾਵਲ ਦੇ ਉਪਰ ਰਾਜਮਾਂਹ ਪਾ ਕੇ ਵਿਚ ਖੁੱਲਾ ਦੇਸੀ ਘਿਓ ਪਾ ਕੇ ਦਿੰਦੇ ਹਨ ਜਿਸਦੇ ਨਾਲ ਅਨਾਰਦਾਣੇ ਦੀ ਚਟਨੀ ਹੁੰਦੀ ਹੈ। ਇਹ ਅਨਾਰਦਾਣੇ ਦੀ ਚਟਨੀ ਰਾਜਮਾਂਹ-ਚਾਵਲ ਦਾ ਟੇਸਟ ਹੋਰ ਵਧਾ ਦਿੰਦੀ ਹੈ। ਸਾਰਿਆਂ ਨੇ ਹੀ ਬੜੇ ਸ਼ੌਕ ਨਾਲ ਇਹਨਾਂ ਦਾ ਅਨੰਦ ਲਿਆ ਅਤੇ ਸੱਚਮੁੱਚ ਇਹ ਬਹੁਤ ਟੇਸਟੀ ਸਨ। ਇਸ ਤੋਂ ਬਾਅਦ ਗੱਡੀਆਂ ਫਿਰ ਦੌੜਨ ਲੱਗ ਗਈਆਂ। ਜਦੋਂ ਪਤਨੀ ਟੋਪ ਪਹੁੰਚੇ ਤਾਂ ਮੌਸਮ ਇਕ ਵਾਰ ਫਿਰ ਬਹੁਤ ਹੀ ਸੁਹਾਣਾ ਸੀ। ਇਕ ਵਾਰ ਤਾਂ ਕਈ ਮੈਂਬਰਾਂ ਦਾ ਪ੍ਰੋਗਰਾਮ ਇਥੇ ਰੁਕਣ ਦਾ ਬਣ ਗਿਆ, ਪਰ ਸੁਭਾਸ਼ ਜੀ ਵਾਪਸੀ ਕਰਨਾ ਚਾਹੰਦੇ ਸੀ। ਥੋੜੀ ਦੇਰ ਇਥੇ ਰੁਕ ਕੇ ਮੌਸਮ ਦਾ ਮਜ਼ਾ ਲੈ ਕੇ ਗੱਡੀਆਂ ਫਿਰ ਵਾਪਸੀ ਲਈ ਦੌੜ ਪਈਆਂ। ਕੁੱਦ ਪਹੁੰਚ ਕੇ ਸਾਰਿਆਂ ਨੇ ਹੀ ਇਥੋਂ ਦਾ ਮਸ਼ਹੂਰ ਪ੍ਰੇਮ ਦਾ ਪਤੀਸਾ ਖਰੀਦਿਆ। ਪ੍ਰੇਮ ਦੇ ਨਾਮ ਦੀਆਂ ਹੁਣ ਕਈ ਦੁਕਾਨਾਂ ਹਨ ਜਦਕਿ ਅਸਲੀ ਦੁਕਾਨ ਪ੍ਰੇਮ ਸਵੀਟਸ ਹੈ ਅਤੇ ਹਰ ਯਾਤਰੀ ਇਥੋਂ ਕੁੱਦ ਦਾ ਮਸ਼ਹੂਰ ਪਤੀਸਾ ਜਰੂਰ ਲੈ ਕੇ ਜਾਂਦਾ ਹੈ। ਸਾਡੇ ਪੁਰਾਣੇ ਸਾਥੀਆਂ ਨੂੰ ਅਸਲੀ ਦੁਕਾਨ ਦਾ ਪਤਾ ਸੀ ਇਸ ਕਰਕੇ ਉਹਨਾਂ ਗੱਡੀ ਪ੍ਰੇਮ ਸਵੀਟਸ ਦੀ ਦੁਕਾਨ ਤੇ ਹੀ ਰੋਕੀ ਅਤੇ ਸਾਰਿਆਂ ਨੇ ਆਪਣੀ ਜਰੂਰਤ ਦੇ ਹਿਸਾਬ ਨਾਲ ਪਤੀਸਾ ਖਰੀਦਿਆ। ਜਲਦੀ ਹੀ ਅਸੀਂ ਰਾਤ 9 ਵਜੇ ਦੇ ਕਰੀਬ ਊਧਮਪੁਰ ਪਹੁੰਚ ਗਏ। ਊਧਮਪੁਰ ਤੋਂ ਹੁਣ ਸੜਕ ਫੋਰ ਲੇਨ ਸ਼ੁਰੂ ਹੋ ਗਈ ਸੀ ਅਤੇ ਸਾਰੇ ਵਾਪਸੀ ਕਰਨਾ ਚਾਹੁੰਦੇ ਸੀ। ਹੁਣ ਗੱਡੀਆਂ ਦੀ ਸਪੀਡ 100 ਦੇ ਕਰੀਬ ਸੀ ਅਤੇ ਸਭ ਨੂੰ ਘਰ ਪਹੁੰਚਣ ਦੀ ਜਲਦੀ ਸੀ। ਜੰਮੂ-ਪਠਾਨਕੋਟ ਬਾਈਪਾਸ ਦੇ ਕੋਲ ਸੜਕ ਦੇ ਵਿਚਕਾਰ ਇਕ ਵੱਡਾ ਖੱਡਾ ਸੀ ਜਿਸ ਵਿਚ ਗੱਡੀ ਲਗਣ ਕਾਰਣ ਸਾਡੀ ਕਾਰ ਪੈਂਚਰ ਹੋ ਗਈ ਅਤੇ ਰਿੰਮ ਟੇਢਾ ਹੋ ਗਿਆ। ਗੱਡੀ ਦੀ ਸਪੀਡ ਹੋਣ ਕਾਰਣ ਟਾਇਰ ਬਹੁਤ ਗਰਮ ਸੀ। ਅਸੀਂ ਟਾਇਰ ਖੋਲ ਕੇ ਸਟੈਪਣੀ ਲਗਾਈ ਜਿਸ ਵਿਚ ਸਾਨੂੰ ਕਰੀਬ ਅੱਧਾ ਕੁ ਘੰਟਾ ਲੱਗ ਗਿਆ। ਹੁਣ ਅਸੀਂ ਵਾਪਸੀ ਜਲੰਧਰ ਨਾ ਕਰਕੇ ਜੰਮੂ ਹੀ ਰੁਕਣ ਦਾ ਫੈਸਲਾ ਕਰ ਲਿਆ। ਅਸੀਂ ਬੱਸ ਸਟੈਂਡ ਦੇ ਕੋਲ ਹੀ ਇਕ ਹੋਟਲ ਦੇਖਿਆ ਅਤੇ ਉਥੇ ਰਕ ਗਏ। ਸੰਦੀਪ ਗਰਗ ਅਤੇ ਰੇਣੂ ਜੀ ਸਮੇਤ ਅਸੀਂ ਚਾਰ ਮੈਂਬਰ ਹੀ ਇਥੇ ਰੁਕੇ। ਰਾਤ ਨੂੰ ਜੰਮੂ ਦੇ ਹੋਟਲ ਤੇ ਖਾਣਾ ਖਾ ਕੇ ਅਸੀਂ ਆਪਣੇ ਹੋਟਲ ਵਿਚ ਸੋਂ ਗਏ।
Day - 7, Jounery From Jammu to Jalandhar
18 ਜੁਲਾਈ 2015 (ਯਾਤਰਾ ਦਾ ਸੱਤਵਾਂ ਦਿਨ) – 18 ਜੁਲਾਈ ਨੂੰ ਸਵੇਰੇ ਅਸੀਂ 5 ਵਜੇ ਦੇ ਕਰੀਬ ਉਠ ਗਏ। ਰੁਟੀਨ ਦੇ ਕੰਮਾਂ ਤੋਂ ਨਿਬਟ ਕੇ ਅਸੀਂ ਹੋਟਲ ਦੇ ਬਾਹਰ ਚਾਹ ਪੀਤੀ ਅਤੇ ਵਾਪਸੀ ਲਈ ਗੱਡੀ ਸਟਾਰਟ ਕਰ ਲਈ। ਲਖਨਪੁਰ ਪਹੁੰਚ ਕੇ ਅਸੀਂ ਇਥੋਂ ਦੇ ਮਸ਼ਹੂਰ ਲੱਡੂ ਖਾਧੇ ਅਤੇ ਥੋੜੇ ਜਿਹੇ ਪੈਕ ਵੀ ਕਰਵਾ ਲਏ। 10 ਵਜੇ ਦੇ ਕਰੀਬ ਅਸੀਂ ਆਪਣੇ ਘਰ ਜਲੰਧਰ ਪਹੁੰਚ ਗਏ। ਇਥੋਂ ਨਾਸ਼ਤਾ ਕਰਕੇ ਸੰਦੀਪ ਜੀ ਅਤੇ ਰੇਣੂ ਜੀ ਆਪਣੇ ਘਰ ਲੁਧਿਆਣੇ ਨੂੰ ਰਵਾਨਾ ਹੋ ਗਏ। ਬਾਕੀ ਮੈਂਬਰਾਂ ਨਾਲ ਗੱਲ ਹੋਈ ਤਾਂ ਪਤਾ ਲੱਗਾ ਕਿ ਕੁਝ ਮੈਂਬਰ ਤਾਂ ਪਤਨੀ ਟੋਪ ਰੁਕ ਗਏ ਸੀ ਜਦਕਿ ਬਾਕੀ ਬਿਲਕੁਲ ਠੀਕਠਾਕ ਆਪਣੇ ਘਰ ਪਹੁੰਚ ਗਏ ਸੀ। ਰਾਕੇਸ਼ ਮਾਲ਼ੜਾ ਜੀ ਸਵੇਰੇ 4 ਵਜੇ ਆਪਣੇ ਘਰ ਪਹੁੰਚੇ ਜਦਕਿ ਸੁਭਾਸ਼ ਜੀ ਰਾਤ 2 ਵਜੇ ਜਲੰਧਰ ਪਹੁੰਚ ਗਏ ਸੀ। ਕੁਲ ਮਿਲਾ ਕੇ ਸਾਰਿਆਂ ਨੇ ਇਸ ਯਾਤਰਾ ਦਾ ਬਹੁਤ ਅਨੰਦ ਮਾਣਿਆ। ਸਾਡੇ ਦਿਲ ਵਿਚ ਇਕ ਵਾਰ ਫਿਰ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਦੀ ਇੱਛਾ ਹੈ। ਸਫਰ ਦੀਆਂ ਖੂਬਸੂਰਤ ਯਾਦਾਂ ਨੂੰ ਦਿਲ ’ਚ ਸੰਜੋ ਕੇ ਅਗਲੇ ਸਾਲ ਫਿਰ ਯਾਤਰਾ ਕਰਨ ਦੀ ਤਮੰਨਾ ਹੈ। ਪ੍ਰਮਾਤਮਾ ਕਰੇ ਕਿ ਅਗਲੇ ਸਾਲ ਫਿਰ ਸਾਰੇ ਮੈਂਬਰ ਅਤੇ ਹੋਰ ਸਾਥੀ ਵੀ ਯਾਤਰਾ ਵਿਚ ਸਾਡੇ ਨਾਲ ਹਮਸਫਰ ਹੋਣ।